ਨਥਾਣਾ/ਮਹਿਰਾਜ, 1 ਅਪ੍ਰੈਲ (ਗੁਰਦਰਸ਼ਨ ਲੁੱਧੜ, ਸੁਖਪਾਲ ਮਹਿਰਾਜ): ਬਲਾਕ ਨਥਾਣਾ ਤਹਿਤ ਪੈਂਦੇ ਪਿੰਡ ਬਾਠ ਅਤੇ ਨਗਰ ਮਹਿਰਾਜ ਦੀ ਹੱਦ 'ਤੇ ਲੱਗਦੇ ਖੇਤਾਂ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਬਠਿੰਡਾ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾ ਕੇ ਖੇਤ ਦਿਵਸ ਮਨਾਇਆ ਗਿਆ | ਇਸ ਮੌਕੇ ਕੇ.ਵੀ.ਕੇ ਦੇ ਡਿਪਟੀ ਡਾਇਰੈਕਟਰ ਡਾ: ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਕਣਕ-ਝੋਨੇ ਦੀਆਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਸਾੜਨ ਦੀ ਬਿਜਾਏ ਵਿਕਸਿਤ ਕੀਤੀ ਗਈ ਕਿ ਖੇਤੀ ਮਸ਼ੀਨਰੀ ਦੀਆਂ ਤਕਨੀਕਾਂ ਰਾਹੀਂ ਉਸ ਦਾ ਖੇਤ ਵਿਚ ਦਬਾ ਕੇ ਹੀ ਪ੍ਰਬੰਧਨ ਕੀਤਾ ਜਾਵੇ | ਡਾ: ਗੁਰਮੀਤ ਸਿੰਘ ਢਿੱਲੋਂ ਪ੍ਰੋਫੈਸਰ ਪ੍ਰਸਾਰ ਸਿੱਖਿਆ ਵਲੋਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਪਰਾਲੀ ਪ੍ਰਬੰਧਨ ਵਾਲੇ ਖੇਤਾਂ ਵਿਚ ਗੁੱਲੀ-ਸਿੱਟੇ ਅਤੇ ਹੋਰਨਾਂ ਨਦੀਨਾਂ ਦੀ ਸਮੱਸਿਆ ਪਰਾਲੀ ਸਾੜਨ ਵਾਲੇ ਖੇਤਾਂ ਨਾਲੋਂ ਕਾਫੀ ਘੱਟ ਆਉਂਦੀ ਹੈ | ਉਨ੍ਹਾਂ ਕਿਹਾ ਕਿ ਚੰਗੇ ਝਾੜ ਅਤੇ ਘੱਟ ਪਰਾਲੀ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਦੀ ਕਾਸ਼ਤ ਜ਼ਮੀਨਾਂ ਦੀ ਸਿਹਤ ਅਤੇ ਕਿਸਾਨਾਂ ਦੇ ਵਿੱਤੀ ਖ਼ਰਚਿਆਂ ਲਈ ਲਾਭਕਾਰੀ ਹੋ ਸਕਦੀ ਹੈ | ਡਾ: ਤੇਜਵੀਰ ਸਿੰਘ ਬੁੱਟਰ ਨੇ ਕਿਸਾਨਾਂ ਨੂੰ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਮਿੱਟੀ ਦੀ ਸਿਹਤ ਕਮਜ਼ੋਰ ਹੁੰਦੀ ਹੈ ਅਤੇ ਫ਼ਸਲਾਂ ਲਈ ਲੋੜੀਂਦੇ ਪੁਟਾਸ਼, ਨਾਈਟ੍ਰੋਜਨ, ਫਾਸਫੋਰਸ ਅਤੇ ਹੋਰਨਾਂ ਜ਼ਰੂਰੀ ਤੱਤਾਂ ਦੀ ਘਾਟ ਪੈਦਾ ਹੋ ਜਾਂਦੀ ਹੈ | ਕੈਂਪ ਦੌਰਾਨ ਡਾ: ਨੀਨਾ ਸਿੰਗਲਾ ਵਲੋਂ ਖੇਤਾਂ ਵਿਚ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਚੂਹਿਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਇਨ੍ਹਾਂ ਖੇਤਾਂ ਵਿਚ ਲਗਵਾਏ ਉਨ੍ਹਾਂ ਪ੍ਰਦਰਸ਼ਨੀ ਪਲਾਂਟਾਂ ਵਿਚ ਖੜੀ ਕਣਕ ਦੀ ਫ਼ਸਲ ਕਿਸਾਨਾਂ ਦੇ ਰੂਬਰੂ ਕਰਵਾਈ ਗਈ, ਜਿਹੜੀ ਕਿ ਬਿਨਾਂ ਪਰਾਲੀ ਸਾੜਨ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਪਰਾਲੀ ਨੂੰ ਵਿਚ ਦਬਾ ਕੇ ਬੀਜੀ ਗਈ ਸੀ | ਖੇਤੀਬਾੜੀ ਵਿਕਾਸ ਅਫ਼ਸਰ ਡਾ: ਬਲਜੀਤ ਕੌਰ ਵਲੋਂ ਵੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸੰਬੰਧੀ ਸੁਝਾਅ ਦਿੱਤੇ ਗਏ | ਕੈਂਪ ਦੌਰਾਨ ਕਿਸਾਨਾਂ ਨੂੰ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ |