ਸ਼ੈਲਰ ਮਾਲਕਾਂ ਵਲੋਂ ਝੋਨੇ ’ਤੇ ਲਗਾਏ ਜਾ ਰਹੇ ਬੇਵਜ੍ਹਾ ਕੱਟਾਂ ਕਾਰਨ ਕਿਸਾਨਾਂ ਦਾ ਹੋ ਰਿਹਾ ਹੈ ਭਾਰੀ ਆਰਥਿਕ ਨੁਕਸਾਨ
ਸ਼ਿਕਾਇਤ ਮਿਲਣ ’ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ ਸਖਤ ਕਾਰਵਾਈ-ਡੀ.ਐਫ.ਐਸ.ਸੀ.
ਜ਼ੀਰਾ, 15 ਨਵੰਬਰ(ਪ੍ਰਤਾਪ ਸਿੰਘ ਹੀਰਾ)-ਪਿੰਡਾਂ ਦੀਆਂ ਮੰਡੀਆਂ ਨਾਲ ਸਬੰਧਤ ਸ਼ੈਲਰਾਂ ਵਾਲਿਆਂ ਵਲੋਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ’ਤੇ ਮੋਟੇ ਕੱਟ ਲਗਾ ਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼ੈਲਰ ਮਾਲਕਾਂ ਵਲੋਂ ਝੋਨਾ ਸਟੋਰ ਕਰਵਾਉਣ ਸਮੇਂ ਵੱਖ-ਵੱਖ ਤਰ੍ਹਾਂ ਦੀਆਂ ਕੁਆਲਟੀਆਂ ਦੇ ਨਾਮ ’ਤੇ ਕਿਸਾਨਾਂ ਨੂੰ ਖੱਜਲ-ਖਰਾਬ ਕੀਤਾ ਜਾ ਰਿਹਾ ਹੈ।
ਕ
ਕਿਰਨਪਾਲ ਸਿੰਘ ਸੋਡੀ ਕਿਸਾਨ ਆਗੂ ਗੱਲਬਾਤ ਦੌਰਾਨ। ਅਜੀਤ ਤਸਵੀਰ
16-11-2026
ਜ਼ੀਰਾ, 15 ਨਵੰਬਰ(ਪ੍ਰਤਾਪ ਸਿੰਘ ਹੀਰਾ)-ਪਿੰਡਾਂ ਦੀਆਂ ਮੰਡੀਆਂ ਨਾਲ ਸਬੰਧਤ ਸ਼ੈਲਰਾਂ ਵਾਲਿਆਂ ਵਲੋਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ’ਤੇ ਮੋਟੇ ਕੱਟ ਲਗਾ ਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼ੈਲਰ ਮਾਲਕਾਂ ਵਲੋਂ ਝੋਨਾ ਸਟੋਰ ਕਰਵਾਉਣ ਸਮੇਂ ਵੱਖ-ਵੱਖ ਤਰ੍ਹਾਂ ਦੀਆਂ ਕੁਆਲਟੀਆਂ ਦੇ ਨਾਮ ’ਤੇ ਕਿਸਾਨਾਂ ਨੂੰ ਖੱਜਲ-ਖਰਾਬ ਕੀਤਾ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਆੜ੍ਹਤੀਆਂ ’ਤੇ ਪੈ ਰਿਹਾ ਹੈ, ਕਿਉਂਕਿ ਸ਼ੈਲਰ ਮਾਲਕਾਂ ਵਲੋਂ ਆੜ੍ਹਤੀਆਂ ਤੋਂ ਕੱਟ ਲਗਾਇਆ ਜਾ ਰਿਹਾ ਹੈ। ਮਜਬੂਰਨ ਆੜ੍ਹਤੀ ਇਹ ਕੱਟ ਕਿਸਾਨਾਂ ਤੋਂ ਕੱਟਣ ਲਈ ਮਜਬੂਰ ਹੋ ਰਹੇ ਹਨ। ਇਸ ਸਥਿਤੀ ਨੂੰ ਲੈ ਕੇ ਕਿਸਾਨ ਅਤੇ ਆੜ੍ਹਤੀਏ ਬੁਰੀ ਤਰ੍ਹਾਂ ਪਰੇਸ਼ਾਨ ਹਨ। ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਮੀਤ ਪ੍ਰਧਾਨ ਕਿਰਨਪਾਲ ਸਿੰਘ ਸੋਢੀ, ਹਰਦਿਆਲ ਸਿੰਘ ਅਲੀਪੁਰ, ਜ਼ਿਲ੍ਹਾ ਕੈਸ਼ੀਅਰ ਜਲੌਰ ਸਿੰਘ ਮਣਕਿਆਂ ਵਾਲੀ, ਬਲਾਕ ਮਖੂ ਦੇ ਪ੍ਰਧਾਨ ਦਲਜੀਤ ਸਿੰਘ ਬੁੱਟਰ, ਜ਼ਿਲ੍ਹਾ ਮੀਤ ਪ੍ਰਧਾਨ ਪਲਵਿੰਦਰ ਸਿੰਘ ਬਹਿਕਾਂ, ਜ਼ਿਲ੍ਹਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਥਿੰਦ ਆਦਿ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਖੋਸਾ ਦਲ ਸਿੰਘ ਅਤੇ ਆਸ ਪਾਸ ਦੇ ਸ਼ੈਲਰ ਮਾਲਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦੀ ਆੜ ਵਿਚ ਸ਼ੈਲਰ ਮਾਲਕ ਆੜ੍ਹਤੀ ਤੋਂ ਕੱਟ ਕੱਟ ਸਕੇ । ਕਿਸਾਨ ਆਗੂਆਂ ਨੇ ਇਸ ਸਿਲਸਿਲੇ ਨੂੰ ਬਹੁਤ ਗਲਤ ਦੱਸਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸ਼ੈਲਰ ਮਾਲਕ ਯੂ.ਪੀ. ਜਾਂ ਹੋਰ ਦੂਜੇ ਰਾਜਾਂ ਤੋਂ ਘਟੀਆ ਕੁਆਲਟੀ ਦਾ ਚੌਲ ਮੰਗਵਾ ਕੇ ਸਟੋਰ ਕਰ ਰਹੇ ਹਨ ਅਤੇ ਬਾਹਰਲੇ ਰਾਜਾਂ ਦੀ ਘਟੀਆ ਕੁਆਲਟੀ ਨੂੰ ਪੰਜਾਬ ਦੀ ਦਿਖਾ ਰਹੇ ਹਨ। ਇਸ ਨਾਲ ਸ਼ੈਲਰ ਮਾਲਕ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਈ ਸ਼ੈਲਰ ਮਾਲਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਿਸਾਨਾਂ ਤੋਂ ਧੱਕੇ ਨਾਲ ਕੱਟ ਵਸੂਲ ਰਹੇ ਹਨ। ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਸ਼ੈਲਰ ਮਾਲਕ ਕੱਟ ਲਾਉਂਦਾ ਹੈ ਤਾਂ ਅਜਿਹੇ ਲੋਕਾਂ ਬਾਰੇ ਯੂਨੀਅਨ ਦੇ ਧਿਆਨ ਵਿਚ ਲਿਆਂਦਾ ਜਾਵੇ। ਕਿਸਾਨ ਯੂਨੀਅਨ ਅਜਿਹੇ ਸ਼ੈਲਰ ਮਾਲਕਾਂ ਦੇ ਨਾਮ ਨਸ਼ਰ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕਰਵਾਏਗੀ। ਇਸ ਸਬੰਧ ਵਿਚ ਜਦ ਡੀ.ਐਫ.ਐਸ.ਸੀ. ਮੈਡਮ ਵੰਦਨਾ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਜੇਕਰ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮੇਰੇ ਧਿਆਨ ਵਿਚ ਕੋਈ ਵੀ ਅਜਿਹਾ ਮਾਮਲਾ ਨਹੀਂ ਆਇਆ, ਪਰ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ, ਉਸ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।