22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਚਿੱਟੇ ਦੇ ਨਸ਼ੇ ਦੀ ਵਿਕਰੀ ਤੋਂ ਲੋਕ ਪ੍ਰੇਸ਼ਾਨ, ਘਰ ਵੇਚਣ ਲਈ ਮਜਬੂਰ

ਰਾਮਪੁਰਾ ਫੂਲ, 21 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਚਿੱਟੇ ਦੀ ਕਥਿਤ ਵਿੱਕਰੀ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਧ ਰਹੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਸ਼ਹਿਰ ਦੇ ਹੋਰ ਖੇਤਰਾਂ ਵਿਚ ਵੀ ਨਸ਼ੇ ਦੀਆਂ ਗਤੀਵਿਧੀਆਂ ਹੋਣ ਦੀਆਂ ਸ਼ਿਕਾਇਤਾਂ ਹਨ, ਪਰ ਗਾਂਧੀ ਨਗਰ, ਖ਼ਾਸ ਕਰਕੇ ਗਲੀ ਨੰਬਰ 12 ਵਿਚ ਹਾਲਾਤ ਵਧੇਰੇ ਗੰਭੀਰ ਹਨ।

ਅਜੀਤ ਡੈਸਕ 22-10-2026
ਰਾਮਪੁਰਾ ਫੂਲ, 21 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਚਿੱਟੇ ਦੀ ਕਥਿਤ ਵਿੱਕਰੀ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਧ ਰਹੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਸ਼ਹਿਰ ਦੇ ਹੋਰ ਖੇਤਰਾਂ ਵਿਚ ਵੀ ਨਸ਼ੇ ਦੀਆਂ ਗਤੀਵਿਧੀਆਂ ਹੋਣ ਦੀਆਂ ਸ਼ਿਕਾਇਤਾਂ ਹਨ, ਪਰ ਗਾਂਧੀ ਨਗਰ, ਖ਼ਾਸ ਕਰਕੇ ਗਲੀ ਨੰਬਰ 12 ਵਿਚ ਹਾਲਾਤ ਵਧੇਰੇ ਗੰਭੀਰ ਹਨ। ਲੋਕ ਇਸ ਗਲੀ ਨੂੰ ਨਸ਼ੇ ਦੀ ਕਥਿਤ ਵਿੱਕਰੀ ਦਾ ਪ੍ਰਮੁੱਖ ਕੇਂਦਰ ਦੱਸਦੇ ਹਨ। ਇੱਥੋਂ ਦੇ ਵਸਨੀਕਾਂ ਮੁਤਾਬਿਕ ਨਸ਼ੇ ਦੀ ਸਮੱਸਿਆ ਨੇ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ ਅਤੇ ਕੁਝ ਪਰਿਵਾਰ ਘਰ ਵੇਚ ਕੇ ਇਲਾਕਾ ਛੱਡਣ ਬਾਰੇ ਸੋਚਣ ਲਈ ਮਜਬੂਰ ਹਨ। ਗਾਂਧੀ ਨਗਰ ਵਾਸੀਆਂ ਅਤੇ ਸਾਬਕਾ ਕੌਂਸਲਰ ਭੂਰੀ ਦੇਵੀ, ਖਜ਼ਾਨ ਰਾਮ, ਅਮੀ ਚੰਦ, ਜੱਗਾ ਸਿੰਘ, ਅਸ਼ੋਕ ਕੁਮਾਰ, ਪਾਲ ਸਿੰਘ, ਸਤਵੰਤ ਕੌਰ, ਮਾਇਆ ਦੇਵੀ ਅਤੇ ਸੋਮਾ ਦੇਵੀ ਸਮੇਤ ਹੋਰਨਾਂ ਨੇ ਦੋਸ਼ ਲਾਇਆ ਕਿ ਨਸ਼ੇ ਦੀ ਕਥਿਤ ਵਿੱਕਰੀ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਗਲੀ ਵਿਚ ਅਕਸਰ ਲੜਾਈ-ਝਗੜੇ ਹੁੰਦੇ ਹਨ, ਜਿਸ ਕਾਰਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਡਰ ਦੇ ਮਾਹੌਲ ਵਿਚ ਰਹਿਣਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਨਸ਼ੇ ਦੀ ਲਤ ਕਾਰਨ ਕਈ ਪਰਿਵਾਰਾਂ ਵਿਚ ਘਰੇਲੂ ਕਲੇਸ਼ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਉਹ ਆਪਣੇ ਘਰਾਂ ’ਤੇ ‘ਘਰ ਵਿਕਾਊ ਹੈ’ ਦੇ ਪੋਸਟਰ ਲਗਾ ਕੇ ਇਲਾਕਾ ਛੱਡਣ ਲਈ ਮਜਬੂਰ ਹੋ ਜਾਣਗੇ। ਵਸਨੀਕਾਂ ਨੇ ਦਾਅਵਾ ਕੀਤਾ ਕਿ ਨਸ਼ੇ ਦੀ ਕਥਿਤ ਵਿੱਕਰੀ ਬਾਰੇ ਕਈ ਵਾਰ ਪੁਲਿਸ ਨੂੰ ਜਾਣੂ ਕਰਵਾਇਆ, ਪਰ ਸਮੱਸਿਆ ਬਰਕਰਾਰ ਹੈ। ਉਨ੍ਹਾਂ ਮੰਗ ਕੀਤੀ ਕਿ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾਵੇ, ਸ਼ਿਕਾਇਤਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਨਸ਼ਾ ਤਸਕਰੀ ਵਿਚ ਸ਼ਾਮਿਲ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸੰਬੰਧੀ ਡੀ.ਐਸ.ਪੀ ਮਨੋਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਮਾਰੇ ਗਏ ਮਨਰੇਗਾ ਮਜ਼ਦੂਰਾਂ ਦੇ ਵਾਰਸਾਂ ਨੂੰ ਦੋ ਲੱਖ ਦਾ ਮੁਆਵਜ਼ਾ ਮਜ਼ਾਕ ਕਰਾਰ ਦਿੱਤਾ ਅਗਲੀ ਖ਼ਬਰ ਨਿਯੁਕਤੀ ਪੱਤਰ ਨਾ ਦੇਣ ਦੇ ਰੋਸ ’ਚ ਫੂਕਿਆ ਸਰਕਾਰ ਦਾ ਪੁਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।