ਅਬੋਹਰ, 7 ਮਈ (ਤੇਜਿੰਦਰ ਸਿੰਘ ਖ਼ਾਲਸਾ)-ਤੇਜ਼ ਗਰਮੀ ਅਤੇ ਵਧਦੇ ਤਾਪਮਾਨ ਦੇ ਮੱਦੇਨਜ਼ਰ ਪਟੇਲ ਪਾਰਕ ਗਲੀ ਨੰਬਰ 6 ਵਿਚ ਪਟੇਲ ਪਾਰਕ ਦੇ ਪ੍ਰਧਾਨ ਅਨੁਜ ਧਵਨ, ਸਲਾਹਕਾਰ ਐਡਵੋਕੇਟ ਦੇਸਰਾਜ ਕੰਬੋਜ ਅਤੇ ਪ੍ਰਵੀਨ ਕਥੂਰੀਆ ਦੀ ਅਗਵਾਈ ਅਤੇ ਗਰੀਨ ਸਿਟੀ ਅਬੋਹਰ ਟੀਮ ਡਾ.ਅਮਨਦੀਪ ਅਰੋੜਾ, ਡਾ.ਸਾਹਿਬ ਰਾਮ ਅਤੇ ਪ੍ਰਧਾਨ ਸੌਰਵ ਡੋਡਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਵਾਤਾਵਰਨ ਅਤੇ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ | ਮੁਹਿੰਮ ਦੌਰਾਨ ਸੰਗਠਨਾਂ ਦੇ ਮੈਂਬਰਾਂ ਨੇ ਇਲਾਕੇ ਦੇ ਘਰਾਂ ਅਤੇ ਜਨਤਕ ਥਾਵਾਂ ਦੇ ਬਾਹਰ ਪੰਛੀਆਂ ਦੇ ਆਲ੍ਹਣੇ, ਮਿੱਟੀ ਦੇ ਗਮਲੇ ਅਤੇ ਪਾਣੀ ਦੇ ਗਮਲੇ ਲਗਾਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਤੌਰ 'ਤੇ ਉਨ੍ਹਾਂ ਨੂੰ ਸਾਫ਼ ਪਾਣੀ ਨਾਲ ਭਰਿਆ ਕਰਨ | ਉਨ੍ਹਾਂ ਕਿਹਾ ਕਿ ਵਧਦੀ ਗਰਮੀ ਦੌਰਾਨ ਪੰਛੀਆਂ ਅਤੇ ਹੋਰ ਜਾਨਵਰਾਂ ਲਈ ਪਾਣੀ ਮੁਹੱਈਆ ਕਰਵਾਉਣਾ ਮਨੁੱਖਤਾ ਅਤੇ ਵਾਤਾਵਰਨ ਸੁਰੱਖਿਆ ਵੱਲ ਇਕ ਛੋਟਾ ਪਰ ਮਹੱਤਵਪੂਰਨ ਕਦਮ ਹੈ | ਇਸ ਮੌਕੇ 'ਤੇ ਸੀ.ਐਮ ਯੋਗਸ਼ਾਲਾ ਦੇ ਟਰੇਨਰ ਨਵਿੰਦਰ ਕੰਬੋਜ, ਹਰਪ੍ਰੀਤ ਕੰਬੋਜ, ਸੇਵਾ ਭਾਰਤੀ ਦੇ ਸਤਪਾਲ ਗਿਲਹੋਤਰਾ ਅਤੇ ਕਮਲ ਖੰਨਾ ਨੇ ਵੀ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਈ | ਆਪਣੇ ਸੰਬੋਧਨ ਦੌਰਾਨ ਪਿ੍ੰਸੀਪਲ ਰਾਜੇਸ਼ ਸਚਦੇਵਾ ਅਤੇ ਲਲਿਤ ਸੋਨੀ ਨੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਆਪਣੇ ਘਰਾਂ ਦੇ ਬਾਹਰ ਸਾਫ਼ ਵਾਤਾਵਰਨ ਬਣਾਈ ਰੱਖਣ ਦੀ ਅਪੀਲ ਕੀਤੀ | ਮੁਹਿੰਮ ਦੌਰਾਨ ਲੋਕਾਂ ਨੂੰ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਆਪਸ ਵਿਚ ਜੁੜੇ ਹਨ ਅਤੇ ਸਮੂਹਿਕ ਯਤਨਾਂ ਨਾਲ ਹੀ ਸ਼ਹਿਰ ਸਾਫ਼ ਅਤੇ ਹਰਿਆ-ਭਰਿਆ ਹੋ ਸਕਦਾ ਹੈ | ਮੁਹਿੰਮ ਦੇ ਮੈਂਬਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਅਜਿਹੀਆਂ ਜਨ ਭਲਾਈ ਅਤੇ ਵਾਤਾਵਰਨ ਸੁਰੱਖਿਆ ਮੁਹਿੰਮਾਂ ਜਾਰੀ ਰਹਿਣਗੀਆਂ | ਇਸ ਮੌਕੇ ਪਾਰਕ ਵਿਚ ਫ਼ੁਲ ਅਤੇ ਸਦਾਬਹਾਰ ਰੁੱਖ ਲਗਾ ਕੇ ਵਾਤਾਵਰਨ ਬਾਰੇ ਸੁਨੇਹਾ ਦਿੱਤਾ ਗਿਆ | ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਲਲਿਤ ਸੋਨੀ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ | ਇਸ ਦੌਰਾਨ ਬਿੱਟੂ ਨਰੂਲਾ ਅਤੇ ਸੋਨੂੰ ਕਟਾਰੀਆ ਨੇ ਮੁਹਿੰਮ ਦੀ ਸ਼ਲਾਘਾ ਕੀਤੀ |