ਫ਼ਾਜ਼ਿਲਕਾ, 7 ਮਈ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸ ਦਿਨ ਦੱਸ ਵੱਡੇ ਐਲਾਨ ਦੇ ਚੌਥੇ ਦਿਨ ਮੰਡੀ ਅਰਨੀਵਾਲਾ ਨੂੰ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ | ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੰਡੀ ਅਰਨੀਵਾਲਾ 'ਚ ਆਧੁਨਿਕ ਸੀਵਰੇਜ ਸਿਸਟਮ ਲਈ ਐਸ.ਡੀ.ਐਮ ਸਕੀਮ ਤਹਿਤ 21 ਕਰੋੜ 39 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜਿਸ ਦਾ ਟੈਂਡਰ ਜਾਰੀ ਹੋ ਗਿਆ ਹੈ ਅਤੇ ਆਉਣ ਵਾਲੇ ਲਗਭਗ 15 ਦਿਨਾਂ ਵਿਚ ਇਹ ਕੰਮ ਸ਼ੁਰੂ ਹੋ ਜਾਵੇਗਾ | ਵਿਧਾਇਕ ਗੋਲਡੀ ਕੰਬੋਜ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਏਨੀ ਵੱਡੀ ਰਾਸ਼ੀ ਅਰਨੀਵਾਲਾ ਨੂੰ ਦਿੱਤੀ ਹੈ ਅਤੇ ਹੁਣ ਸਾਰੇ ਅਰਨੀਵਾਲੇ ਵਿਚ ਸੀਵਰੇਜ ਪਵੇਗਾ | ਇਸ ਤੋਂ ਪਹਿਲਾ ਵੀ ਅਰਨੀਵਾਲਾ ਨੂੰ ਪੰਜਾਬ ਸਰਕਾਰ ਵਲੋਂ 5 ਕਰੋੜ ਰੁਪਇਆ ਤੇ ਫਿਰ 13 ਕਰੋੜ ਤੋਂ ਵੱਧ ਰੁਪਏ ਜਾਰੀ ਕੀਤੇ ਗਏ ਹਨ ਅਤੇ ਹੁਣ ਫਿਰ ਸੀਵਰੇਜ ਸਿਸਟਮ ਲਈ 21 ਕਰੋੜ 39 ਲੱਖ ਰੁਪਇਆ ਜਾਰੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੰਡੀ ਅਰਨੀਵਾਲਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੋਲ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਹਲਕੇ ਦੇ ਸਾਰੇ ਵਿਕਾਸ ਦੇ ਕੰਮ ਬਿਨਾਂ ਪਾਰਟੀਬਾਜ਼ੀ ਅਤੇ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ |