ਜ਼ੀਰਾ, 7 ਮਈ (ਪ੍ਰਤਾਪ ਸਿੰਘ ਹੀਰਾ)-ਵਿਦਿਆਰਥੀਆਂ 'ਚ ਪੜ੍ਹਨ ਦੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਹਿਤ ਨਾਲ ਜੋੜਨ ਦੇ ਮਕਸਦ ਨਾਲ ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਸਕੂਲ ਵਿਚ ਤਿੰਨ ਰੋਜ਼ਾ ਕਿਤਾਬ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿਚ ਕਿਤਾਬਾਂ ਖ਼ਰੀਦੀਆਂ ਗਈਆਂ | ਇਸ ਕਿਤਾਬ ਮੇਲੇ ਵਿਚ ਦੇਸ਼ ਦੇ ਵੱਖ-ਵੱਖ ਮਹਾਨ ਸ਼ਹੀਦਾਂ ਦੀਆਂ ਜੀਵਨੀਆਂ ਨਾਲ ਸੰਬੰਧਿਤ ਕਿਤਾਬਾਂ ਦੇ ਸਟਾਲ ਲਗਾਏ ਗਏ | ਇਸ ਦੌਰਾਨ ਵਿਦਿਆਰਥੀਆਂ ਵਿਚ ਕਹਾਣੀ ਸੁਣਾਉਣ ਦੇ ਮੁਕਾਬਲੇ ਕਵਿਤਾ ਉਚਾਰਨ ਅਤੇ ਕਿਤਾਬਾਂ ਦੀ ਸਮੀਖਿਆ ਵਰਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਕਿਤਾਬਾਂ ਖ਼ਰੀਦਣ ਲਈ ਖ਼ਾਸਾ ਚਾਹ ਦੇਖਿਆ ਗਿਆ ਅਤੇ ਸਕੂਲ ਲਾਇਬਰੇਰੀ ਲਈ ਵੀ ਨਵੀਆਂ ਕਿਤਾਬਾਂ ਦੀ ਚੋਣ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪਿ੍ੰਸੀਪਲ ਤੇਜ਼ ਸਿੰਘ ਠਾਕਰ ਨੇ ਕਿਹਾ ਕਿ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਮਿੱਤਰ ਹੁੰਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਅੱਜ ਦੀ ਡਿਜੀਟਲ ਦੁਨੀਆ ਤੋਂ ਬਾਹਰ ਕੱਢ ਕੇ ਸ਼ਬਦਾਂ ਦੀ ਅਮੀਰ ਵਿਰਾਸਤ ਨਾਲ ਜੋੜਨ ਵਿਚ ਸਹਾਇਕ ਸਿੱਧ ਹੁੰਦੀਆਂ ਹਨ |