ਫਿਰੋਜ਼ਪੁਰ, 7 ਮਈ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਨੇ ਆਪਣੇ ਸੰਚਾਲਨ ਪ੍ਰਬੰਧਨ ਨੂੰ ਹੋਰ ਕੁਸ਼ਲ ਅਤੇ ਸੁਰੱਖਿਅਤ ਬਣਾਉਣ ਲਈ ਤਕਨੀਕੀ ਸੁਧਾਰਾਂ ਅਤੇ ਨਵੇਂ ਸੁਰੱਖਿਆ ਉਪਾਵਾਂ ਵੱਲ ਵੱਡਾ ਕਦਮ ਚੁੱਕਿਆ ਹੈ | ਬੜੌਦਾ ਹਾਊਸ ਨਵੀਂ ਦਿੱਲੀ ਵਿਖੇ ਉੱਤਰ ਰੇਲਵੇ ਦੇ ਮਹਾਂਪ੍ਰਬੰਧਕ ਰਾਜੇਸ਼ ਕੁਮਾਰ ਪਾਂਡੇ ਦੀ ਪ੍ਰਧਾਨਗੀ ਹੇਠ ਟਰੇਨ ਸੰਚਾਲਨ 'ਤੇ ਇਕ ਵਿਸ਼ੇਸ਼ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਉਨਾਂ ਨੇ ਕਰਮਚਾਰੀਆਂ ਨੂੰ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ 'ਰੇਲਸੇਫ' ਨਾਮਕ 'ਯੂਟੂਬ' ਚੈਨਲ ਲਾਂਚ ਕੀਤਾ | ਮਹਾਂਪ੍ਰਬੰਧਕ ਨੇ ਜ਼ੋਰ ਦੇ ਕੇ ਕਿਹਾ ਕਿ ਰੇਲਵੇ ਲਈ ਸੁਰੱਖਿਆ ਸਭ ਤੋਂ ਉੱਪਰ ਹੈ | 'ਰੇਲਸੇਫ' ਚੈਨਲ ਰਾਹੀਂ ਫਰੰਟਲਾਈਨ ਕਰਮਚਾਰੀਆਂ ਨੂੰ ਰੇਲ ਸੰਚਾਲਨ ਦੀਆਂ ਬਾਰੀਕੀਆਂ ਅਤੇ ਸੁਰੱਖਿਆ ਨਿਯਮਾਂ ਦੀ ਵਿਵਹਾਰਿਕ ਜਾਣਕਾਰੀ ਮਿਲੇਗੀ | ਕਾਨਫ਼ਰੰਸ ਦੌਰਾਨ ਦਿੱਲੀ, ਅੰਬਾਲਾ, ਫਿਰੋਜ਼ਪੁਰ, ਲਖਨਊ, ਮੁਰਾਦਾਬਾਦ ਅਤੇ ਜੰਮੂ ਮੰਡਲਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਆਪਣੇ-ਆਪਣੇ ਖੇਤਰਾਂ ਵਿਚ ਕੀਤੇ ਗਏ ਸੁਧਾਰਾਂ ਦਾ ਵੇਰਵਾ ਪੇਸ਼ ਕੀਤਾ | ਫਿਰੋਜ਼ਪੁਰ ਮੰਡਲ ਨੇ 'ਹਬ ਐਂਡ ਸਪੋਕ' ਮਾਡਲ ਰਾਹੀਂ ਪੰਜਾਬ ਦੇ ਬਾਸਮਤੀ ਚੌਲਾਂ ਦੇ ਨਿਰਯਾਤ ਨੂੰ ਵੱਡਾ ਹੁਲਾਰਾ ਦਿੱਤਾ ਹੈ | ਇਸ ਮਾਡਲ ਸਦਕਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚੌਲ ਕੋਲਕਾਤਾ, ਚੇਨਈ ਅਤੇ ਹੈਦਰਾਬਾਦ ਤੱਕ ਸਸਤੀਆਂ ਦਰਾਂ 'ਤੇ ਪਹੁੰਚਾਏ ਜਾ ਰਹੇ ਹਨ | 04 ਮਈ ਨੂੰ ਫਿਲੌਰ ਤੋਂ 1,350 ਮੀਟਰਿਕ ਟਨ ਚੌਲਾਂ ਦੀ ਪੰਜਵੀਂ ਖੇਪ ਰਵਾਨਾ ਕੀਤੀ ਗਈ | ਜੰਮੂ ਮੰਡਲ ਨੇ (ਆਰਵ) ਨਾਮਕ ਮੋਬਾਈਲ ਐਪ ਵਿਕਸਿਤ ਕੀਤੀ ਹੈ | ਇਸ ਰਾਹੀਂ ਸਟੇਸ਼ਨਾਂ 'ਤੇ ਮੌਜ਼ੂਦ ਕਿਸੇ ਵੀ ਤਕਨੀਕੀ ਕਮੀ ਦੀ ਰੀਅਲ-ਟਾਈਮ ਰਿਪੋਰਟਿੰਗ ਹੁੰਦੀ ਹੈ ਅਤੇ ਸਬੰਧਤ ਵਿਭਾਗ ਨੂੰ ਤੁਰੰਤ ਅਲਰਟ ਜਾਂਦਾ ਹੈ, ਜਿਸ ਨਾਲ ਸਮੱਸਿਆ ਦਾ ਜਲਦੀ ਹੱਲ ਹੁੰਦਾ ਹੈ | ਦਿੱਲੀ ਮੰਡਲ ਵੱਲੋਂ 'ਸੰਰਕਸ਼ਾ ਚੌਪਾਲ' ਅਤੇ 'ਮੈਂਟਰ-ਮੈਂਟੀ' ਪ੍ਰੋਗਰਾਮ ਚਲਾਏ ਜਾ ਰਹੇ ਹਨ | ਡਿਜੀਟਲ ਪੋਸਟਰਾਂ ਅਤੇ ਲਾਈਵ ਕੇਪੀਆਈ ਮੋਨੀਟਰਿੰਗ ਐਪ ਰਾਹੀਂ ਕਰਮਚਾਰੀਆਂ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖੀ ਜਾ ਰਹੀ ਹੈ | ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਇ ਦੱਸਿਆ ਕਿ ਇਹ ਤਕਨੀਕੀ ਬਦਲਾਅ ਰੇਲਵੇ ਦੇ ਆਧੁਨਿਕੀਕਰਨ ਅਤੇ ਫ਼ੀਲਡ ਵਰਕ ਨੂੰ ਬਿਹਤਰ ਬਣਾਉਣ ਵਿਚ ਮੀਲ ਦਾ ਪੱਥਰ ਸਾਬਤ ਹੋਣਗੇ |