ਮਮਦੋਟ, 7 ਮਈ(ਰਾਜਿੰਦਰ ਸਿੰਘ ਹਾਂਡਾ)-ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਮਲਕੀਤ ਚੰਦ ਥਿੰਦ ਅੱਜ 8 ਮਈ ਦਿਨ ਸ਼ੁੱਕਰਵਾਰ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਮਮਦੋਟ ਵਿਖੇ ਪਹੁੰਚ ਕੇ ਜਿੱਥੇ ਲੋਕ ਮਿਲਣੀ ਕਰਨਗੇ | ਉੱਥੇ ਉਹ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਵੀ ਸੁਣਨਗੇ | ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਇਸ ਲੋਕ ਮਿਲਣੀ ਦੌਰਾਨ ਤਹਿਸੀਲਦਾਰ, ਨਾਇਬ ਤਹਿਸੀਲਦਾਰ ਮਮਦੋਟ ਸਮੇਤ ਵੱਖ-ਵੱਖ ਵਿਭਾਗਾਂ ਦੇ ਬਲਾਕ ਪੱਧਰੀ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ ਤਾਂ ਜੋ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਾ ਸਕੇ | ਕੰਬੋਜ ਮਹਾਂ ਸਭਾ ਦੇ ਪ੍ਰਧਾਨ ਇਕਬਾਲ ਚੰਦ ਪਾਲਾ ਬੱਟੀ ਅਤੇ ਮੁੱਖ ਸਲਾਹਕਾਰ ਜਸਪਾਲ ਹਾਂਡਾ, ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਵਲੋਂ ਇਲਾਕੇ ਵਿਚੋਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਕਮਿਸ਼ਨ ਸਾਹਮਣੇ ਰੱਖਣ ਲਈ ਅਪੀਲ ਕੀਤੀ ਗਈ ਹੈ |