ਫ਼ਿਰੋਜ਼ਪੁਰ,14 ਅਪ੍ਰੈਲ (ਸੋਢੀ)-ਭਾਰਤੀ ਕਿਸਾਨ ਯੂਨੀਅਨ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਨੇ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਕਿਸਾਨਾਂ ਦੀ ਮੰਡੀਆਂ ਵਿਚ ਹੋ ਰਹੀ ਖੱਜਲ ਖ਼ੁਆਰੀ 'ਤੇ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾ ਸੂਬੇ ਅੰਦਰ ਸਰਹੱਦੀ ਖੇਤਰ 'ਚ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਕਣਕ, ਹਰੀਆਂ ਸਬਜ਼ੀਆਂ, ਚਾਰਾ ਅਤੇ ਮੱਕੀ ਆਦਿ ਫ਼ਸਲਾਂ ਦਾ ਵੱਡੀ ਮਾਤਰਾ ਵਿਚ ਨੁਕਸਾਨ ਹੋਇਆ ਹੈ | ਜਿਸ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਮੰਡੀਆਂ ਵਿਚ ਪਹੁੰਚ ਚੁੱਕੀ ਹੈ ਤੇ ਮੰਡੀਆਂ ਵਿਚਲੇ ਹਾਲਤਾਂ ਨੇ ਕਿਸਾਨ ਵਰਗ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੂਬੇ ਸਰਕਾਰ ਦੇ ਦਾਅਵੇ ਸਾਰੇ ਫ਼ੇਲ੍ਹ ਸਾਬਤ ਹੋਏ ਹਨ, ਕਿਉਂਕਿ 13 ਦਿਨ ਬੀਤ ਜਾਣ ਦੇ ਬਾਵਜੂਦ ਕਿਸਾਨ ਦੀ ਫ਼ਸਲ ਦਾ ਇੱਕ ਦਾਣਾ ਵੀ ਨਹੀਂ ਵਿਕਿਆ | ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਕਣਕ ਦੀ ਖ਼ਰੀਦ ਬਿਨਾਂ ਸ਼ਰਤ ਜਾਂ ਬਿਨਾ ਕੁਆਲਿਟੀ ਕੱਟ ਲਾਏ ਖ਼ਰੀਦ ਏਜੰਸੀਆਂ ਤੋਂ ਤੁਰੰਤ ਸ਼ੁਰੂ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਖ਼ਰੀਦ ਜਲਦ ਸ਼ੁਰੂ ਨਹੀਂ ਹੁੰਦੀ ਤਾਂ ਜਥੇਬੰਦੀ ਵਲੋਂ ਮੀਟਿੰਗ ਕਰਕੇ ਸੂਬਾ ਪੱਧਰ ਤੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |