22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਆਪ ਦੇ ਸਰਪੰਚ ਦਲਿਤਾਂ 'ਤੇ ਅੱਤਿਆਚਾਰ ਕਰਨ ਦੇ ਹੱਦਾਂ ਬੰਨੇ ਟੱਪਣ ਲੱਗੇ- ਕੁਲਬੀਰ ਸਿੰਘ ਜ਼ੀਰਾ

ਅਜੀਤ ਡੈਸਕ 02-04-2026
ਜ਼ੀਰਾ,1 ਅਪ੍ਰੈਲ (ਰਜਨੀਸ਼ ਕਥੂਰੀਆ)-ਹਲਕਾ ਪੱਟੀ ਦੇ ਪਿੰਡ ਵੇਈ ਪੂਈ ਅਤੇ ਢੋਟੀਆਂ ਵਿਖੇ ਕਿਸੇ ਮਸਲੇ ਨੂੰ ਲੈ ਕੇ ਸਰਪੰਚ ਹਰਜਿੰਦਰ ਸਿੰਘ ਦੇ ਘਰ ਇਕੱਠੇ ਹੋਏ ਦਲਿਤ ਪਰਿਵਾਰਾਂ ਵਿਚੋਂ ਇਕ ਪਰਿਵਾਰ ਦੇ ਇਕ ਲੜਕੇ ਦੀ ਬੇਤਹਾਸ਼ਾ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਦਲਿਤ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਦੇ ਸਰਪੰਚ ਦਲਿਤ ਪਰਿਵਾਰਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਉਹਨਾਂ 'ਤੇ ਅੱਤਿਆਚਾਰ ਕਰਨ ਦੇ ਹੱਦਾਂ ਬੰਨੇ ਟੱਪਣ ਲੱਗੇ ਹਨ | ਉਹਨਾਂ ਕਿਹਾ ਕਿ ਸਰਪੰਚ ਵਲੋਂ ਦੋਵਾਂ ਧਿਰਾਂ ਨੂੰ ਸਮਝਾ ਬੁਝਾ ਕੇ ਰਾਜ਼ੀਨਾਮਾ ਕਰਵਾਉਣ ਦੀ ਬਜਾਏ ਇਕ ਪਰਿਵਾਰ ਦੇ ਨੌਜਵਾਨ ਦਲਿਤ ਲੜਕੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਤੇ ਦਲਿਤ ਪਰਿਵਾਰਾਂ ਵਿਚ ਸਰਪੰਚ ਦੇ ਪ੍ਰਤੀ ਭਾਰੀ ਰੋਸ ਹੈ | ਉਹਨਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹੀ ਸੱਤਾ ਦੇ ਨਸ਼ੇ ਵਿਚ ਕਾਨੂੰਨ ਨੂੰ ਹੱਥ ਵਿਚ ਲੈ ਕੇ ਨੌਜਵਾਨਾਂ ਦੇ ਕਤਲ ਕਰ ਰਹੇ ਹਨ ਤਾਂ ਇਸ ਸਰਕਾਰ ਦੇ ਰਾਜ ਵਿਚ ਇਨਸਾਫ ਲੈਣ ਲਈ ਕਿਸੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਕਤਲੋਗਾਰਤ,ਲੁੱਟਾਂ ਖੋਹਾਂ ਹੋ ਰਹੀਆਂ ਹਨ | ਜਿਨਾਂ ਨੂੰ ਪੁਲਿਸ ਪ੍ਰਸ਼ਾਸਨ ਕਾਬੂ ਕਰਨ ਵਿਚ ਬੁਰੀ ਤਰਾਂ ਅਸਫਲ ਸਿੱਧ ਹੋਇਆ ਹੈ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਵਿਚ ਅਮਨ ਕਾਨੂੰਨ ਦਾ ਜਨਾਜ਼ਾ ਨਿਕਲਿਆ ਪਿਆ ਹੈ ਅਤੇ ਚਾਰੋਂ ਪਾਸੇ ਹਨੇਰ-ਗਰਦੀ ਮੱਚੀ ਹੋਈ ਹੈ | ਕੁਲਬੀਰ ਸਿੰਘ ਜ਼ੀਰਾ ਨੇ ਇਸ ਕਤਲ ਲਈ ਜ਼ਿੰਮੇਵਾਰ ਸਰਪੰਚ ਹਰਜਿੰਦਰ ਸਿੰਘ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਤੁਰੰਤ ਗਿ੍ਫਤਾਰ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਡਾਕਟਰ ਰਸ਼ਪਾਲ ਸਿੰਘ ਗਿੱਲ, ਹਰੀਸ਼ ਤਾਂਗਰਾ, ਰੋਮੀ ਚੋਪੜਾ, ਗੁਰਭਗਤ ਸਿੰਘ ਗੋਰਾ ਗਿੱਲ ਆਦਿ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਤਲਵੰਡੀ ਭਾਈ ਵਿਖੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ-ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।