ਤਲਵੰਡੀ ਭਾਈ, 1 ਅਪ੍ਰੈਲ (ਗਿੱਲ)-ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਵਲੋਂ ਆੜ੍ਹਤੀਆਂ ਦੀ ਦਾਮੀ ਵਧਾਉਣ ਦੀ ਮੰਗ ਲੈ ਕੇ ਵਿੱਢੇ ਗਏ ਸੰਘਰਸ਼ ਤਹਿਤ ਆੜ੍ਹਤੀਆਂ ਨੂੰ ਅਣਮਿਥੇ ਸਮੇਂ ਦੀ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਹੈ | ਜਿਸ ਨੂੰ ਲੈ ਕੇ ਤਲਵੰਡੀ ਭਾਈ ਦੇ ਆੜ੍ਹਤੀਆਂ ਵਲੋਂ ਅੱਜ ਪਹਿਲੇ ਦਿਨ ਆਪਣਾ ਕੰਮਕਾਰ ਠੱਪ ਰੱਖਿਆ ਗਿਆ | ਇਸ ਮੌਕੇ 'ਤੇ ਸਥਾਨਿਕ ਆੜ੍ਹਤੀਆਂ ਵਲੋਂ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏ ਵਾਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਗੱਲਬਾਤ ਦੌਰਾਨ ਪ੍ਰਧਾਨ ਗੁਰਜੰਟ ਸਿੰਘ ਕਾਲੀਏ ਵਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੰਬੇ ਸਮੇਂ ਤੋਂ ਆੜ੍ਹਤੀਆਂ ਦੀ ਦਾਮੀ ਨੂੰ ਘਟਾਇਆ ਗਿਆ ਹੈ, ਜਦਕਿ ਮਹਿੰਗਾਈ ਵੱਧਣ ਕਾਰਨ ਫਸਲਾਂ ਦੀ ਖ਼ਰੀਦ ਦੌਰਾਨ ਆੜ੍ਹਤੀਆਂ ਦੇ ਖ਼ਰਚੇ ਦਿਨੋਂ ਦਿਨ ਵੱਧ ਰਹੇ ਹਨ | ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਪੰਜਾਬ ਦੇ ਆੜ੍ਹਤੀਏ ਇੱਕਮੁੱਠ ਹਨ ਅਤੇ ਜਦੋਂ ਤੱਕ ਦਾਮੀ ਵਧਾਉਣ ਦਾ ਫ਼ੈਸਲਾ ਨਹੀਂ ਲਿਆ ਜਾਂਦਾ ਉਦੋਂ ਆੜ੍ਹਤਾਂ ਤੇ ਫਸਲ ਦੀ ਖ਼ਰੀਦ ਪ੍ਰਕਿਰਿਆ ਦਾ ਕੰਮ ਠੱਪ ਰੱਖਿਆ ਜਾਵੇਗਾ | ਆੜ੍ਹਤੀ ਆਗੂ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਸਰਕਾਰ ਵਲੋਂ ਆੜ੍ਹਤੀਆਂ ਦੀ ਦਾਮੀ ਢਾਈ ਫ਼ੀਸਦੀ ਤੱਕ ਕਰਵਾ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਵਲੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਮੌਕੇ 'ਤੇ ਰੂਪ ਲਾਲ ਵੱਤਾ, ਨਰੇਸ਼ ਢੱਲ, ਕੁਲਵਿੰਦਰ ਸਿੰਘ, ਸੁੱਚਪਾਲ ਸਿੰਘ ਸੁੱਚਾ, ਸੋਨੂੰ ਗੋਇਲ, ਚਮਕੌਰ ਸਿੰਘ ਖੋਸਾ, ਸੁਖਦੇਵ ਸਿੰਘ ਖੋਸਾ, ਅੰਮਿ੍ਤ ਲਾਲ ਬਾਂਸਲ, ਦਰਸ਼ਨ ਲਾਲ ਖੁਰਾਣਾ, ਅਜੇ ਆੜ੍ਹਤੀਆ, ਧਰਮਿੰਦਰ ਗੋਇਲ, ਭੋਲਾ ਮੰਗਲਾ, ਮੋਹਿਤ ਮੌਂਗਾ, ਸਾਹਿਲ ਅਰੋੜਾ ਆਦਿ ਆੜ੍ਹਤੀਏ ਸ਼ਾਮਿਲ ਸਨ |