ਗੁਰੂਹਰਸਹਾਏ, 1 ਅਪ੍ਰੈਲ (ਕਪਿਲ ਕੰਧਾਰੀ)-ਸ਼ਹਿਰ ਦੀ ਫਰੀਦਕੋਟ ਰੋਡ 'ਤੇ ਸਥਿਤ ਰੇਲਵੇ ਪੁੱਲ ਅਤੇ ਪੁਰਾਣੇ ਮਾਲ ਗੋਦਾਮ ਕੋਲ, ਦਸਮੇਸ਼ ਟੈਕਸੀ ਸਟੈਂਡ ਦੇ ਬਿਲਕੁਲ ਸਾਹਮਣੇ ਸੜਕ ਵਿਚ ਪਿਆ ਡੂੰਘਾ ਟੋਆ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ | ਇਸ ਕਾਰਨ ਕਈ ਲੋਕ ਜ਼ਖਮੀ ਵੀ ਹੋ ਚੁੱਕੇ ਹਨ | ਟੈਕਸੀ ਡਰਾਈਵਰਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ | ਦਸਮੇਸ਼ ਟੈਕਸੀ ਸਟੈਂਡ 'ਤੇ ਚਾਲਕਾਂ ਨੇ ਦੱਸਿਆ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਹੈ ਅਤੇ ਇਸ ਵਿਚ ਪਿਆ ਡੂੰਘਾ ਟੋਆ ਬਹੁਤ ਖ਼ਤਰਨਾਕ ਬਣ ਚੁੱਕਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਲਾਕੇ ਵਿਚ ਸਟਰੀਟ ਲਾਈਟਾਂ ਨਾ ਹੋਣ ਕਾਰਨ ਰਾਤ ਸਮੇਂ ਹਨੇਰਾ ਰਹਿੰਦਾ ਹੈ | ਸੜਕ 'ਤੇ ਵੱਧ ਟਰੈਫ਼ਿਕ ਹੋਣ ਅਤੇ ਹਨੇਰੇ ਕਰਕੇ ਇਹ ਟੋਆ ਦਿਖਾਈ ਨਹੀਂ ਦਿੰਦਾ | ਜਿਸ ਕਾਰਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਾਦਸੇ ਹੋ ਰਹੇ ਹਨ | ਇਲਾਕਾ ਵਾਸੀਆਂ ਨੇ ਨਗਰ ਕੌਂਸਲ ਅਤੇ ਸੰਬੰਧਿਤ ਸਰਕਾਰੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਟੋਏ ਨੂੰ ਤੁਰੰਤ ਭਰਵਾਇਆ ਜਾਵੇ ਅਤੇ ਸਟਰੀਟ ਲਾਈਟਾਂ ਦੀ ਵੀ ਵਿਵਸਥਾ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਹੋਰ ਹਾਦਸਿਆਂ ਤੋਂ ਬਚਿਆ ਜਾ ਸਕੇ |