ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਛਾਉਣੀ ਦੀ ਗਵਾਲ ਮੰਡੀ ਦੇ ਵਸਨੀਕ ਗੁਰਮੀਤ ਕੌਰ ਤੇ ਦੀਪੇਸ਼ ਦੀ ਬੇਟੀ 'ਸਾਵੀ' ਦੇ ਦਿਲ ਦਾ ਆਪ੍ਰੇਸ਼ਨ ਬਿਲਕੁਲ ਮੁਫ਼ਤ ਕਰਵਾ ਕੇ ਬੱਚੇ ਨੂੰ ਨਵੀਂ ਜ਼ਿੰਦਗੀ ਦੇਣ 'ਚ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਯੋਜਨਾ ਵਰਦਾਨ ਸਾਬਤ ਹੋਈ ਹੈ | ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪ੍ਰਾਸ਼ਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਆਰ. ਬੀ. ਐੱਸ. ਕੇ. ਦੀ ਫ਼ਿਰੋਜ਼ਪੁਰ ਅਰਬਨ ਹੈਲਥ ਟੀਮ ਤੋਂ ਡਾ. ਲਲਿਤ ਤੇ ਡਾ. ਮਨਮੀਤ ਕੌਰ ਵਲੋਂ ਆਂਗਣਵਾੜੀ ਸੈਂਟਰਾਂ ਵਿਖੇ ਬੱਚਿਆਂ ਦੀ ਸਿਹਤ ਜਾਂਚ ਦੌਰਾਨ ਗਵਾਲ ਮੰਡੀ ਦੇ ਵਸਨੀਕ ਗੁਰਮੀਤ ਕੌਰ ਦੀ 9 ਮਹੀਨਿਆਂ ਦੀ ਬੇਟੀ ਸਾਵੀ ਦੀ ਕੀਤੀ ਸਿਹਤ ਜਾਂਚ ਦੌਰਾਨ ਸਾਵੀ ਦੇ ਦਿਲ ਵਿਚ ਸੁਰਾਖ਼ ਹੋਣ ਬਾਰੇ ਪਤਾ ਲੱਗਾ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਟੀਮ ਵਲੋਂ ਤੁਰੰਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ | ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਾਵੀ ਪੁੱਤਰੀ ਦਿਪੇਸ਼ ਵਾਸੀ ਗਵਾਲ ਮੰਡੀ, ਦਾ ਸੂਬੇ ਦੇ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਛੇਕ ਦਾ ਸਫਲ ਆਪ੍ਰੇਸ਼ਨ ਕਰਵਾਇਆ, ਜਿਸ ਨਾਲ ਇਸ ਮਾਸੂਮ ਨੂੰ ਨਵੀਂ ਜ਼ਿੰਦਗੀ ਮਿਲੀ ਹੈ | ਡਾ. ਰਾਜੀਵ ਪ੍ਰਾਸ਼ਰ ਨੇ ਦੱਸਿਆ ਕਿ ਸਾਵੀ ਜੋ ਕਿ ਹੁਣ ਕਰੀਬ ਸਵਾ ਸਾਲ ਦੀ ਹੈ ਆਪਣੇ ਪਰਿਵਾਰ ਨਾਲ ਬਿਲਕੁਲ ਤੰਦਰੁਸਤ ਹੋ ਕੇ ਜੀਵਨ ਬਤੀਤ ਕਰ ਰਹੀ ਹੈ | ਸਿਵਲ ਸਰਜਨ ਨੇ ਦੱਸਿਆ ਕਿ ਇਸ ਬੱਚੇ ਦੇ ਦਿਲ ਦੇ ਆਪ੍ਰੇਸ਼ਨ ਦਾ ਖਰਚਾ ਆਰ. ਬੀ. ਐੱਸ. ਕੇ. ਤਹਿਤ ਸਰਕਾਰ ਵਲੋਂ ਕੀਤਾ ਗਿਆ ਹੈ ਤੇ ਮਰੀਜ਼ ਦੇ ਪਰਿਵਾਰ ਦਾ ਇਕ ਰੁਪਇਆ ਵੀ ਖ਼ਰਚ ਨਹੀਂ ਹੋਇਆ | ਸਾਵੀ ਦੇ ਪਿਤਾ ਦਿਪੇਸ਼ ਤੇ ਮਾਤਾ ਗੁਰਮੀਤ ਕੌਰ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਯੋਜਨਾ ਉਨ੍ਹਾਂ ਦੀ ਬੱਚੀ ਤੇ ਪਰਿਵਾਰ ਲਈ ਨਵਾਂ ਜੀਵਨ ਲੈ ਕੇ ਆਈ ਹੈ | ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਸੂਬਾ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਵਿਚ ਆਂਗਣਵਾੜੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫ਼ਤ ਵਿਚ ਕੀਤਾ ਜਾਂਦਾ ਹੈ | ਆਰ. ਬੀ. ਐੱਸ. ਕੇ. ਦੇ ਨੋਡਲ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਡੇ ਆਪ੍ਰੇਸ਼ਨਾਂ ਲਈ ਪੰਜਾਬ ਦੇ 9 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਥੇ ਇਸ ਯੋਜਨਾ ਹੇਠ ਭੇਜੇ ਗਏ ਬੱਚਿਆਂ ਦੇ ਅਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਡਾ. ਮਨਮੀਤ ਸਿੰਘ, ਆਰ. ਬੀ. ਐੱਸ. ਕੇ. ਦੇ ਫਾਰਮਾਸਿਸਟ ਲਵਪ੍ਰੀਤ ਸਿੰਘ ਤੇ ਸਟਾਫ਼ ਨਰਸ ਗੀਤਾ ਵੀ ਹਾਜ਼ਰ ਸਨ |