ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)-ਪੰਜਾਬ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਤੋਂ ਬਾਅਦ ਸ਼ੁਰੂ ਕੀਤੇ 'ਆਪ੍ਰੇਸ਼ਨ ਗੈਂਗਸਟਰ 'ਤੇ ਵਾਰ' ਤਹਿਤ ਫ਼ਿਰੋਜ਼ਪੁਰ ਪੁਲਿਸ ਵਲੋਂ ਹਥਿਆਰਾਂ ਦੀ ਨਾਜਾਇਜ਼ ਤਸਕਰੀ 'ਚ ਸ਼ਾਮਿਲ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਸਰਹੱਦ ਪਾਰ ਤੋਂ ਮੰਗਵਾਏ ਇਕ ਗਲੋਕ ਪਿਸਤੌਲ ਸਮੇਤ 6 ਪਿਸਤੌਲ, 7 ਮੈਗਜ਼ੀਨ, 15 ਜ਼ਿੰਦਾ ਰੌਂਦ ਅਤੇ 2 ਖ਼ਾਲੀ ਖ਼ੋਲ ਕੀਤੇ ਬਰਾਮਦ ਕੀਤੇ ਹਨ | ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਜ਼ੀਰਾ ਦੇ ਸਹਾਇਕ ਥਾਣੇਦਾਰ ਗੁਰਸਾਹਿਬ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਗਸ਼ਤ ਦੌਰਾਨ ਜ਼ੀਰਾ ਫ਼ਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਫੇਰੋ ਕੇ ਦੇ ਬੱਸ ਅੱਡੇ ਨਜ਼ਦੀਕ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਉਰਫ਼ ਬੱਗੂ ਪੁੱਤਰ ਚਿਮਨ ਸਿੰਘ ਵਾਸੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਥਾਣਾ ਮਮਦੋਟ ਆਪਣੇ ਪਾਸ ਨਾਜਾਇਜ਼ ਪਿਸਤੌਲ ਰੱਖਦਾ ਹੈ ਅਤੇ ਇਹ ਨਾਜਾਇਜ਼ ਅਸਲ੍ਹੇ ਦੀ ਸਪਲਾਈ ਵੀ ਕਰਦਾ ਹੈ | ਜੋ ਅੱਜ ਵੀ ਪਿੰਡ ਫੇਰੋ ਕੇ ਵਿਖੇ ਬੰਦ ਪਏ ਪੈਟਰੋਲ ਪੰਪ 'ਤੇ ਖੜ੍ਹਾ ਕਿਸੇ ਗ੍ਰਾਹਕ ਦਾ ਇੰਤਜ਼ਾਰ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਜਸਵਿੰਦਰ ਸਿੰਘ ਉਕਤ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਗਲੋਕ ਪਿਸਤੌਲ, ਇਕ ਮੈਗਜ਼ੀਨ ਤੇ ਦੋ ਕਾਰਤੂਸ, ਦੋ ਪਿਸਤੌਲ, 30 ਬੋਰ, ਦੋ ਮੈਗਜ਼ੀਨ ਅਤੇ 8 ਕਾਰਤੂਸ ਬਰਾਮਦ ਕੀਤੇ | ਜਿਸ ਸੰਬੰਧੀ ਥਾਣਾ ਸਦਰ ਜ਼ੀਰਾ ਵਿਖੇ ਧਾਰਾ 25 ਅਸਲ੍ਹਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਐੱਸ. ਐੱਸ. ਪੀ. ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਮੱਖੂ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਜਲੰਧਰ ਤਿਕੋਣੀ, ਮੱਖੂ ਵਿਖੇ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਚੈਕਿੰਗ ਦੌਰਾਨ ਸਾਗਰ ਉਰਫ਼ ਤੇਜ਼ੀ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 4, ਗੋਲ ਬਾਗ਼, ਫ਼ਿਰੋਜ਼ਪੁਰ ਸ਼ਹਿਰ, ਥਾਣਾ ਸਿਟੀ ਫ਼ਿਰੋਜ਼ਪੁਰ ਨੂੰ ਇਕ ਨਾਜਾਇਜ਼ ਪਿਸਤੌਲ 30 ਬੋਰ, 2 ਮੈਗਜ਼ੀਨ, 5 ਜ਼ਿੰਦਾ ਰੌਂਦਾਂ ਅਤੇ 2 ਖੋਲ੍ਹਾਂ ਸਮੇਤ ਕਾਬੂ ਕੀਤਾ | ਜਿਸ ਸੰਬੰਧੀ ਥਾਣਾ ਮੱਖੂ ਵਿਖੇ ਧਾਰਾ 25 ਅਸਲ੍ਹਾ ਐਕਟ ਦਰਜ਼ ਕਰਕੇ ਕੀਤੀ | ਤਫ਼ਤੀਸ਼ ਦੌਰਾਨ ਦੋਸ਼ੀ ਸਾਗਰ ਦੀ ਨਿਸ਼ਾਨਦੇਹੀ 'ਤੇ 2 ਨਾਜਾਇਜ਼ ਪਿਸਤੌਲ (ਇਕ 30 ਬੋਰ ਤੇ ਇਕ 32 ਬੋਰ) ਅਤੇ 2 ਮੈਗਜ਼ੀਨ ਹੋਰ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਜਸਵਿੰਦਰ ਸਿੰਘ ਖ਼ਿਲਾਫ਼ ਕੋਈ ਮੁਕੱਦਮਾ ਤਾਂ ਨਹੀਂ ਪਾਇਆ ਗਿਆ, ਪਰ ਉਸ ਦੀਆਂ ਗੈਰ ਸਮਾਜੀ ਗਤੀਵਿਧੀਆਂ 'ਚ ਸ਼ਮੂਲੀਅਤ ਸਾਹਮਣੇ ਆਈ ਹੈ | ਜਦੋਂ ਕਿ ਦੋਸ਼ੀ ਸਾਗਰ ਉਰਫ਼ ਤੇਜ਼ੀ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਐੱਨ. ਡੀ. ਪੀ. ਐੱਸ ਐਕਟ ਅਤੇ ਜਾਅਲੀ ਪਾਸਪੋਰਟ ਮਾਮਲੇ ਸਮੇਤ 7 ਮੁਕੱਦਮੇ ਦਰਜ ਹਨ | ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਲੋਂ ਨਾਜਾਇਜ਼ ਹਥਿਆਰ ਮੰਗਵਾਉਣ ਅਤੇ ਵੇਚਣ ਸੰਬੰਧੀ ਅਗਲੇ ਪਿਛਲੇ ਸੰਪਰਕਾਂ ਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਐੱਸ. ਪੀ. (ਡੀ) ਮਨਜੀਤ ਸਿੰਘ, ਡੀ. ਐੱਸ. ਪੀ. (ਡੀ) ਬਰਜਿੰਦਰ ਸਿੰਘ ਸਰਾਂ ਵੀ ਮੌਜੂਦ ਸਨ |