ਮੱਖੂ, 22 ਜਨਵਰੀ (ਵਰਿੰਦਰ ਮਨਚੰਦਾ)-ਨਵੰਬਰ 1984 ਸਿੱਖ ਕਤਲੇਆਮ ਨਾਲ ਸੰਬੰਧਿਤ ਦਿੱਲੀ ਦੇ ਵਿਕਾਸਪੁਰੀ ਤੇ ਜਨਕਪੁਰੀ ਇਲਾਕਿਆਂ 'ਚ ਹੋਏ ਕਤਲਾਂ ਦੇ ਮਾਮਲੇ 'ਚ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਬਰੀ ਕੀਤਾ ਜਾਣਾ ਇਨਸਾਫ਼ ਦਾ ਕਤਲ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਦੇ ਸੀਨੀਅਰ ਮੀਤ ਪ੍ਰਧਾਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਰਦਿਆਂ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨਾਲ ਸਿੱਖ ਕੌਮ 'ਚ ਭਾਰੀ ਰੋਸ ਤੇ ਅਫ਼ਸੋਸ ਹੈ | ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸੱਚ ਹੈ ਕਿ ਸੱਜਣ ਕੁਮਾਰ ਨੇ ਭੀੜ ਨੂੰ ਉਕਸਾ ਕੇ ਇਹ ਕਤਲੇਆਮ ਕਰਵਾਇਆ ਸੀ | ਅਜਿਹੇ ਗੰਭੀਰ ਮਾਮਲੇ 'ਚ ਉਸ ਨੂੰ ਬਰੀ ਕਰਨਾ ਜਿੱਥੇ 41 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਬਰਾਬਰ ਹੈ, ਉਥੇ ਜਾਂਚ ਏਜੰਸੀਆਂ ਦੀ ਢਿੱਲੀ ਪੈਰਵੀ ਅਤੇ ਕਾਰਜ ਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਹਮੇਸ਼ਾ 1984 ਦੇ ਪੀੜਤਾਂ ਦੇ ਹੱਕ 'ਚ ਖੜ੍ਹਾ ਹੈ ਅਤੇ ਅਸੀਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਦੇਖਣ ਤੱਕ ਆਪਣੀ ਲੜਾਈ ਜਾਰੀ ਰੱਖਾਂਗੇ | ਇਸ ਲਈ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਤੇ ਸਰਕਾਰ ਇਸ ਫ਼ੈਸਲੇ ਵਿਰੁੱਧ ਤੁਰੰਤ ਉੱਚ ਅਦਾਲਤ 'ਚ ਸਖ਼ਤ ਅਪੀਲ ਦਾਇਰ ਕਰਨ ਤਾਂ ਜੋ ਦੋਸ਼ੀਆਂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਮਿਲ ਸਕੇ |