ਫ਼ਿਰੋਜ਼ਪੁਰ, 22 ਜਨਵਰੀ (ਗੁਰਿੰਦਰ ਸਿੰਘ)-ਭਾਰਤ-ਪਾਕਿ ਵੰਡ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਲਾਹੌਰ ਦੀ ਬਸੰਤ ਤਿੱਥਾਂ ਤਿਉਹਾਰਾਂ ਵਿਚ ਖ਼ਾਸ ਮੁਕਾਮ ਰੱਖਦੀ ਸੀ, ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਆਸ-ਪਾਸ ਆਨ ਵਸੇ 'ਲਹੌਰੀਆਂ' ਵਲੋਂ ਲਹਿੰਦੇ ਪੰਜਾਬ ਦੀਆਂ ਰੀਤਾਂ ਤਿਉਹਾਰਾਂ ਨੂੰ ਉਸੇ ਰੂਪ ਵਿਚ ਮਨਾਉਣਾ ਸ਼ੁਰੂ ਕਰ ਦਿੱਤਾ | ਜਿਸ ਦੇ ਫਲਸਰੂਪ ਹੋਰਾਂ ਤਿਉਹਾਰਾਂ ਦੇ ਨਾਲ ਬਸੰਤ ਦਾ ਤਿਉਹਾਰ ਲਾਹੌਰ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਵੀ ਖ਼ਾਸ ਤੌਰ 'ਤੇ ਮਨਾਇਆ ਜਾਣ ਲੱਗਾ | ਮਾਘ ਮਹੀਨੇ ਵਿਚ ਚਾਨਣੇ ਪੱਖ ਦੀ ਪੰਚਮੀ ਵਾਲੇ ਦਿਨ ਮਨਾਏ ਜਾਂਦੇ ਬਸੰਤ ਮੌਕੇ ਲੋਕ ਪੀਲੇ ਰੰਗ ਦੇ ਵਸਤਰ ਪਹਿਨਦੇ, ਸੁਆਣੀਆਂ ਘਰਾਂ ਵਿਚ ਪੀਲੇ ਪਕਵਾਨ ਪਕਾਉਂਦੀਆਂ, ਪਿੰਡਾਂ ਵਿਚ ਖੇਡ ਮੁਕਾਬਲੇ (ਕੁਸ਼ਤੀ, ਦੰਗਲ ਆਦਿ) ਕਰਵਾਏ ਜਾਂਦੇ ਅਤੇ ਨੌਜਵਾਨ ਲਾਹੌਰ ਦੀ ਤਰਜ਼ 'ਤੇ ਪਤੰਗਬਾਜ਼ੀ ਕਰਦੇ | ਨੀਲਾ ਅਸਮਾਨ ਰੰਗ ਬਰੰਗੀਆਂ ਪਤੰਗਾਂ ਨਾਲ ਭਰਿਆ ਮਨਮੋਹਕ ਨਜ਼ਾਰਾ ਪੇਸ਼ ਕਰਦਾ | ਸਾਰਾ ਦਿਨ ਕੀਤੀ ਜਾਂਦੀ ਪਤੰਗਬਾਜ਼ੀ ਤੋਂ ਥੱਕੇ ਹਾਰੇ ਸ਼ਹਿਰ ਵਾਸੀਆਂ ਵਲੋਂ ਸ਼ਾਮ ਹੁੰਦਿਆਂ ਹੀ ਅਸਮਾਨ ਵਿਚ ਛੱਡੀਆਂ ਜਾਂਦੀਆਂ ਚਾਈਨਾ ਮੇਡ ਚੰਡੋਲਾਂ ਤੇ ਕੀਤੀ ਜਾਂਦੀ ਆਤਿਸ਼ਬਾਜ਼ੀ ਮਨਮੋਹਕ ਨਜ਼ਾਰਾ ਪੇਸ਼ ਕਰਦੀ ਹੈ, ਜਿਸ ਦਾ ਅਨੰਦ ਮਾਣਨ ਲਈ 'ਫ਼ਿਰੋਜ਼ਪੁਰੀਆਂ' ਦੇ ਰਿਸ਼ਤੇਦਾਰ, ਮਿੱਤਰ, ਸਨੇਹੀ ਫ਼ਿਰੋਜ਼ਪੁਰ ਦੀ ਬਸੰਤ ਦਾ ਖ਼ਾਸ ਅਨੰਦ ਮਾਣਨ ਲਈ ਦੂਰ ਦੁਰਾਡਿਓਾ ਚੱਲ ਕੇ ਵਿਸ਼ੇਸ਼ ਰੂਪ 'ਚ ਫ਼ਿਰੋਜ਼ਪੁਰ ਆਉਂਦੇ ਹਨ, ਪਰ ਪੰਜਾਬ ਦੇ ਵਿਰਾਸਤੀ ਮੇਲਿਆਂ ਵਿਚ ਵਿਚਾਰਿਆਂ ਜਾਣ ਵਾਲਾ ਬਸੰਤ ਪੰਚਮੀ ਦਾ ਇਹ ਤਿਉਹਾਰ 21ਵੀਂ ਸਦੀ 'ਚ ਆਪਣਾ ਮੂਲ ਸਰੂਪ ਗਵਾਉਂਦਾ ਜਾ ਰਿਹਾ ਹੈ | ਅੱਜ ਹਰ ਪਾਸੇ ਰਵਾਇਤੀ 'ਗੁੱਡਿਆਂ' ਤੇ ਸੂਤ ਦੀਆਂ ਬਣੀਆਂ ਡੋਰਾਂ ਦੀ ਥਾਂ ਚਾਈਨਾ ਦੀਆਂ ਬਣੀਆਂ ਪਤੰਗਾਂ ਅਤੇ ਸਿੰਥੈਟਿਕ ਡੋਰਾ ਨੇ ਲੈ ਲਈ ਹੈ | ਭਾਵੇਂ ਕਿ ਅੱਜ ਹਰ ਘਰ ਦੀ ਛੱਤ 'ਤੇ ਪਤੰਗਬਾਜ਼ੀ ਕਰਦੇ, ਨੱਚਦੇ ਟੱਪਦੇ ਅਤੇ ਲਲਕਾਰੇ ਮਾਰਦੇ ਲੋਕ ਨਜ਼ਰ ਆਉਂਦੇ ਹਨ, ਪਰ ਕਿਸੇ ਦੇ ਵੀ ਹੱਥ ਵਿਚ ਹੱਥੀ ਬਣੀਆਂ ਰਵਾਇਤੀ ਵਿਰਾਸਤੀ 'ਗੁੱਡੇ-ਪਰੀਆਂ' ਨਜ਼ਰ ਨਹੀਂ ਆਉਂਦੀਆਂ, ਪੀਲੇ ਪਕਵਾਨਾਂ ਦੀ ਜਗ੍ਹਾ ਪੀਜ਼ੇ, ਬਰਗਰਾਂ ਨੇ ਲੈ ਲਈ ਹੈ, ਖੇਡ ਮੁਕਾਬਲੇ ਮੇਲੇ ਦੀ ਤਵਾਰੀਖ 'ਚੋਂ ਮਨਫ਼ੀ ਹੁੰਦੇ ਜਾ ਰਹੇ ਹਨ | ਆਈ ਬੋ-ਬੋ ਕਾਟਾ ਦੀਆਂ ਦਿਲ ਟੁੰਭਵੀਆਂ ਆਵਾਜ਼ਾਂ ਦੀ ਥਾਂ ਕੰਨ ਪਾੜਵੇਂ ਸਪੀਕਰਾਂ ਤੇ ਡੀ. ਜੇ. ਨੇ ਮੱਲ ਲਈ ਹੈ, ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਹੱਥ ਦੀਆਂ ਬਣੀਆਂ ਪਤੰਗਾਂ ਅਤੇ ਹੱਥੀ ਡੋਰਾ ਸੂਤ ਕੇ ਪਤੰਗਬਾਜ਼ੀ ਕਰਨ ਨੂੰ ਪਹਿਲਾਂ ਮਾਰ ਬਰੇਲੀ ਮਾਰਕਾ ਪਤੰਗਾਂ ਤੇ ਡੋਰਾ ਨੇ ਮਾਰੀ | ਸਾਲਾਂ ਬੱਧੀ ਰਵਾਇਤੀ ਪਤੰਗਬਾਜ਼ੀ 'ਤੇ ਬਰੇਲੀ ਦੀਆਂ ਬਣੀਆਂ ਪਤੰਗਾਂ ਤੇ ਡੋਰਾ ਨੇ ਆਪਣੀ ਸਰਦਾਰੀ ਥੋਪੀ ਰੱਖੀ ਅਤੇ ਹੁਣ 21ਵੀਂ ਸਦੀ ਵਿਚ ਵਿਰਾਸਤੀ 'ਗੁੱਡੇ, ਡੋਰਾ' ਤੇ ਬਰੇਲੀ ਮਾਰਕਾ ਨੂੰ ਚਾਈਨਾ ਮੇਡ ਨੇ ਅਜਿਹੀ ਢਾਹ ਲਾਈ ਕਿ ਰਵਾਇਤੀ ਗੁੱਡੇ ਡੋਰਾਂ ਤੇ ਬਰੇਲੀ ਮਾਰਕਾ ਪਤੰਗਾਂ ਡੋਰਾ ਮੂਧੇ ਮੂੰਹ ਜਾ ਡਿੱਗੇ ਹਨ | ਅੱਜ ਹਰ ਪਾਸੇ ਚੀਨ ਦੀਆਂ ਬਣੀਆਂ ਪਤੰਗਾਂ, ਦੇਸੀ ਚੰਡੋਲਾਂ ਦੀ ਥਾਂ ਚਾਈਨਾ ਮੇਡ 'ਹੌਟ ਏਅਰ ਬਲੂਨ' (ਚੰਡੋਲਾਂ) ਤੇ ਸਭ ਤੋਂ ਵੱਧ ਖ਼ਤਰਨਾਕ ਅਤੇ ਮਨੁੱਖੀ ਜ਼ਿੰਦਗੀਆਂ ਲਈ ਘਾਤਕ ਚਾਈਨਾ ਮਾਰਕਾ ਪਲਾਸਟਿਕ ਸਿੰਥੈਟਿਕ ਡੋਰ ਨੇ ਅਜਿਹੇ ਪੈਰ ਪਸਾਰੇ ਹਨ ਕਿ ਹਰ ਸਾਲ ਹੁੰਦੇ ਭਿਆਨਕ ਹਾਦਸਿਆਂ ਕਾਰਨ ਇਸ ਡੋਰ ਦੀ ਵਰਤੋਂ 'ਤੇ ਲਾਈਆਂ ਜਾਂਦੀਆਂ ਪਾਬੰਦੀਆਂ ਵੀ 'ਆਪਸੀ ਮਿਲੀਭੁਗਤ' ਦੇ ਚੱਲਦਿਆਂ ਬੇਅਸਰ ਸਿੱਧ ਹੋ ਰਹੀਆਂ ਹਨ | ਆਪਣੀ ਜ਼ਿੰਦਗੀ ਦੀਆਂ ਸੱਤਰ ਬਹੱਤਰ ਬਸੰਤਾਂ ਮਾਣ ਚੁੱਕੇ ਕੁਝ ਬਜ਼ੁਰਗਾਂ ਨੇ ਕਿਹਾ ਕਿ ਕਾਕਾ ਹੁਣ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਰਹਿ ਗਈਆਂ, ਹੁਣ ਤਾਂ ਬਸੰਤ ਨੂੰ ਫ਼ਿਰੋਜ਼ਪੁਰ ਵਿਚ ਬੱਸ ਰੌਲਾ ਰੱਪਾ ਹੀ ਸੁਣਾਈ ਦਿੰਦਾ ਹੈ, ਜੋ ਅਨੰਦ ਪਹਿਲਾਂ ਆਉਂਦਾ ਸੀ ਉਹ ਹੁਣ ਕਿਧਰੇ ਨਜ਼ਰ ਨਹੀਂ ਆਉਂਦਾ | ਫ਼ਿਰੋਜ਼ਪੁਰ ਸ਼ਹਿਰ 'ਚ ਪਿਛਲੇ ਪੰਜ ਦਹਾਕਿਆਂ ਤੋਂ ਹੱਥ ਨਾਲ ਪਤੰਗਾਂ ਤਿਆਰ ਕਰ ਰਹੇ ਮਸ਼ਹੂਰ ਕਾਰੀਗਰ ਨੈਣਾਂ ਨੇ ਦੱਸਿਆ ਕਿ ਹੱਥ ਦੀ ਕਲਾ ਨਾਲ ਬਣੀ ਪਤੰਗ ਦੀ ਆਪਣੀ ਵੱਖਰੀ ਪਛਾਣ ਤੇ ਖ਼ੂਬਸੂਰਤੀ ਹੁੰਦੀ ਹੈ, ਮਸ਼ੀਨੀ ਪਤੰਗਾਂ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ | ਬਸੰਤ ਮੌਕੇ ਅੱਜ ਵੀ ਦੂਰ-ਦਰਾਜ਼ ਤੋਂ ਲੋਕ ਹੱਥ ਦੀਆਂ ਬਣੀਆਂ ਪਤੰਗਾਂ ਖ਼ਰੀਦਣ ਆਉਂਦੇ ਹਨ |