ਫ਼ਿਰੋਜ਼ਪੁਰ, 22 ਜਨਵਰੀ (ਗੁਰਿੰਦਰ ਸਿੰਘ)-ਸਿੰਥੈਟਿਕ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ ਡੀ. ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਨੁੱਕੜ ਨਾਟਕ ਦਾ ਆਯੋਜਨ ਕੀਤਾ | ਇਸ ਨਾਟਕ ਰਾਹੀਂ ਵਿਦਿਆਰਥੀਆਂ ਨੇ ਲੋਕਾਂ ਨੂੰ ਚਾਈਨਾ ਡੋਰ ਨਾਲ ਮਨੁੱਖਾਂ ਅਤੇ ਪੰਛੀਆਂ ਨੂੰ ਹੋਣ ਵਾਲੇ ਭਿਆਨਕ ਨੁਕਸਾਨਾਂ ਬਾਰੇ ਜਾਗਰੂਕ ਕੀਤਾ | ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਮਾਪਿਆਂ ਤੇ ਸਕੂਲ ਦੇ ਆਸ-ਪਾਸ ਮੌਜੂਦ ਲੋਕਾਂ ਵਲੋਂ ਭਰਪੂਰ ਸ਼ਲਾਘਾ ਮਿਲੀ | ਇਸ ਮੌਕੇ ਵਿਦਿਆਰਥੀਆਂ ਨੇ 'ਚੂਜ਼ ਇੰਡੀਅਨ ਡੋਰ, ਸੇ ਨੋ ਟੂ ਚਾਈਨੀਜ਼ ਡੋਰ' ਤੇ 'ਭਾਰਤੀ ਡੋਰ ਚੁਣੋ, ਚਾਈਨਾ ਡੋਰ ਨੂੰ ਨਾ ਕਹੋ' ਵਰਗੇ ਨਾਅਰੇ ਵੀ ਲਗਾਏ | ਸਕੂਲ ਪਿ੍ੰਸੀਪਲ ਯਾਚਨਾ ਚਾਵਲਾ ਨੇ ਕਿਹਾ ਕਿ ਚਾਈਨਾ ਡੋਰ ਕੋਈ ਸਾਧਾਰਨ ਡੋਰ ਨਹੀਂ, ਸਗੋਂ ਇਹ ਮੌਤ ਦਾ ਖ਼ੰਜਰ ਹੈ, ਜਿਸ ਨੇ ਕਈ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲਈਆਂ ਹਨ ਤੇ ਅਨੇਕਾਂ ਨੂੰ ਜ਼ਖ਼ਮੀ ਕੀਤਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਸੰਤ ਪੰਚਮੀ ਦਾ ਤਿਉਹਾਰ ਸ਼ਾਂਤੀਪੂਰਨ ਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਸਿਰਫ਼ ਭਾਰਤੀ ਧਾਗੇ ਨਾਲ ਬਣੀ ਡੋਰ ਦੀ ਹੀ ਵਰਤੋਂ ਕੀਤੀ ਜਾਵੇ | ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ ਨੇ ਦੱਸਿਆ ਕਿ ਸਕੂਲ ਵਲੋਂ ਸਮੇਂ-ਸਮੇਂ 'ਤੇ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਸਚੇਤ ਕੀਤਾ ਜਾ ਸਕੇ | ਇਸ ਮੌਕੇ ਸੀਨੀਅਰ ਜਨਰਲ ਮੈਨੇਜਰ (ਰਿਟਾਇਰਡ) ਕਰਨਲ ਪੀਯੂਸ਼ ਬੇਰੀ, ਮੁੱਖ ਅਧਿਆਪਕਾ ਰਿਤਿਕਾ ਸੋਨੀ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |