27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਖੇਤਰੀ ਯੁਵਕ ਅਤੇ ਲੋਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਧੂਰੀ, 26 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਕਰਵਾਇਆ ਗਿਆ ਖੇਤਰੀ ਯੁਵਕ ਅਤੇ ਲੋਕ ਮੇਲਾ ਵਿਦਿਆਰਥੀਆਂ ਦੀਆਂ ਕਲਾਤਮਕ ਪੇਸ਼ਕਾਰੀਆਂ, ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਅਤੇ ਯਾਦਗਾਰੀ ਪਲਾਂ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੌਰਾਨ ਵੱਖ-ਵੱਖ ਮੰਚਾਂ ’ਤੇ ਵਿਦਿਆਰਥੀਆਂ ਨੇ ਲੋਕ-ਗਾਇਨ, ਲੋਕ-ਨਾਚ, ਕਵੀਸ਼ਰੀ, ਵਾਰ, ਕਲੀ, ਪਹਿਰਾਵਾ ਪ੍ਰਦਰਸ਼ਨੀ ਅਤੇ ਸ਼ਾਸਤਰੀ ਸੰਗੀਤ ਦੀਆਂ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ।

ਅਜੀਤ ਡੈਸਕ 27-10-2026
ਧੂਰੀ, 26 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਕਰਵਾਇਆ ਗਿਆ ਖੇਤਰੀ ਯੁਵਕ ਅਤੇ ਲੋਕ ਮੇਲਾ ਵਿਦਿਆਰਥੀਆਂ ਦੀਆਂ ਕਲਾਤਮਕ ਪੇਸ਼ਕਾਰੀਆਂ, ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਅਤੇ ਯਾਦਗਾਰੀ ਪਲਾਂ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੌਰਾਨ ਵੱਖ-ਵੱਖ ਮੰਚਾਂ ’ਤੇ ਵਿਦਿਆਰਥੀਆਂ ਨੇ ਲੋਕ-ਗਾਇਨ, ਲੋਕ-ਨਾਚ, ਕਵੀਸ਼ਰੀ, ਵਾਰ, ਕਲੀ, ਪਹਿਰਾਵਾ ਪ੍ਰਦਰਸ਼ਨੀ ਅਤੇ ਸ਼ਾਸਤਰੀ ਸੰਗੀਤ ਦੀਆਂ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਮੇਲੇ ਨੇ ਨੌਜਵਾਨਾਂ ਨੂੰ ਆਪਣੀ ਕਲਾ ਵਿਖਾਉਣ ਦੇ ਨਾਲ਼-ਨਾਲ਼ ਪੰਜਾਬੀ ਵਿਰਸੇ, ਲੋਕ-ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ। ਸਮਾਪਤੀ ਸਮਾਰੋਹ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਸਿੱਖਿਆ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਖਿਆ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਆਧਾਰ ਹੈ। ਉਨ੍ਹਾਂ ਨੇ ਅਜਿਹੇ ਯੁਵਕ ਮੇਲਿਆਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਨੌਜਵਾਨਾਂ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਅਹਿਮ ਦੱਸਿਆ। ਉਨ੍ਹਾਂ ਅਨੁਸਾਰ ਅਜਿਹੇ ਮੰਚ ਵਿਦਿਆਰਥੀਆਂ ਅੰਦਰ ਛੁਪੀਆਂ ਕਲਾਤਮਕ ਪ੍ਰਤਿਭਾਵਾਂ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਸਹਾਇਕ ਹੁੰਦੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਜਗਦੀਪ ਸਿੰਘ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਕਲਾਤਮਕ ਵੰਨਗੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਕਲਾ, ਸਾਹਿਤ ਅਤੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਆਤਮ-ਵਿਸ਼ਵਾਸ ਵਧਾਉਣ ਅਤੇ ਆਪਣੀਆਂ ਰਚਨਾਤਮਕ ਯੋਗਤਾਵਾਂ ਨੂੰ ਸਾਹਮਣੇ ਲਿਆਉਣ ਲਈ ਢੁੱਕਵਾਂ ਮੰਚ ਪ੍ਰਦਾਨ ਕਰਦੇ ਹਨ। ਸਮਾਰੋਹ ਵਿੱਚ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਇਸ ਦੌਰਾਨ ਉਨ੍ਹਾਂ ਨੇ ਮੇਲੇ ਦੀ ਮਹੱਤਤਾ ਅਤੇ ਵਿਦਿਆਰਥੀਆਂ ਦੀਆਂ ਕਲਾਤਮਕ ਗਤੀਵਿਧੀਆਂ ਲਈ ਅਜਿਹੇ ਮੰਚਾਂ ਦੀ ਲੋੜ ਬਾਰੇ ਵਿਚਾਰ ਸਾਂਝੇ ਕੀਤੇ। ਸ. ਦਲਬੀਰ ਸਿੰਘ (ਚੇਅਰਮੈਨ ਲਘੂ ਕਾਰੋਬਾਰ ਉਪਯੋਗਤਾ ਪੰਜਾਬ) ਨੇ ਸ਼ਿਰਕਤ ਕੀਤੀ , ਦੇਸ਼ ਭਗਤ ਕਾਲਜ ਬਰੜਵਾਲ ਟਰੱਸਟ ਧੂਰੀ ਦੇ ਚੇਅਰਮੈਨ ਸ. ਪਰਮਜੀਤ ਸਿੰਘ, ਸੇਵਾਮੁਕਤ ਡੀ.ਆਈ.ਜੀ. ਅਤੇ ਆਈ.ਪੀ .ਐੱਸ. , ਟਰੱਸਟ ਸਕੱਤਰ ਸ. ਬਲਵੰਤ ਸਿੰਘ ਮੀਮਸਾ, ਟਰੱਸਟ ਮੈਂਬਰ ਸ. ਜਤਿੰਦਰ ਸਿੰਘ ਸੋਨੀ ਮੰਡੇਰ, ਡਾ. ਸੁਖਵਿੰਦਰ ਸਿੰਘ ਧਾਂਦਰਾ ਅਤੇ ਸ. ਹਰਜਾਪ ਸਿੰਘ ਸਮਰਾ ਸਮੇਤ ਟਰੱਸਟ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ਼ ਵੀ ਇਸ ਮੌਕੇ ਹਾਜ਼ਰ ਰਹੇ। ਮੇਲੇ ਦੌਰਾਨ ਤਿੰਨ ਵੱਖ-ਵੱਖ ਮੰਚਾਂ ’ਤੇ ਮੁਕਾਬਲਿਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ। ਹਰੇਕ ਮੰਚ ’ਤੇ ਪ੍ਰਿੰਸੀਪਲ ਡਾ. ਬਲਬੀਰ ਸਿੰਘ ਨੇ ਕੀਤਾ ਧੰਨਵਾਦ, ਸਮਾਪਤੀ ਸਮਾਰੋਹ ਦੌਰਾਨ ਦੇਸ਼ ਭਗਤ ਕਾਲਜ ਬਰੜਵਾਲ ਦੇ ਪ੍ਰਿੰਸੀਪਲ ਡਾ. ਬਲਬੀਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਉਨ੍ਹਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਹੋਰ ਪਤਵੰਤਿਆਂ, ਟਰੱਸਟ ਦੇ ਅਹੁਦੇਦਾਰਾਂ, ਪ੍ਰਿੰਸੀਪਲ ਸਾਹਿਬਾਨ, ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਮੇਲੇ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਅਜਿਹੇ ਸਮਾਗਮਾਂ ਨੂੰ ਵਿਦਿਆਰਥੀਆਂ ਦੀਆਂ ਰੁਚੀਆਂ, ਕਲਾਤਮਕ ਯੋਗਤਾਵਾਂ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਮਹੱਤਵਪੂਰਨ ਦੱਸਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਅੰਮ੍ਰਿਤ ਸਿੰਘ ਮਡਾਹਰ ਅਤੇ ਮੇਲੇ ਦੇ ਕੋਆਰਡੀਨੇਟਰ ਡਾ. ਦਲਵਿੰਦਰ ਕੌਰ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ। ਮੇਲੇ ਦੇ ਪ੍ਰਬੰਧਾਂ ਵਿੱਚ ਜੁੜੇ ਅਧਿਆਪਕਾਂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਵੱਖ-ਵੱਖ ਮੰਚਾਂ ’ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਖੇਤਰੀ ਯੁਵਕ ਅਤੇ ਲੋਕ ਮੇਲੇ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ, ਇੱਕ-ਦੂਜੇ ਦੀਆਂ ਕਲਾਵਾਂ ਤੋਂ ਸਿੱਖਣ ਅਤੇ ਪੰਜਾਬੀ ਵਿਰਸੇ ਨਾਲ ਜੁੜਨ ਦਾ ਮੌਕਾ ਦਿੱਤਾ। ਲੋਕ-ਗੀਤਾਂ, ਗਿੱਧੇ, ਪਹਿਰਾਵਾ ਪ੍ਰਦਰਸ਼ਨੀ, ਸ਼ਾਸਤਰੀ ਸੰਗੀਤ, ਕਵੀਸ਼ਰੀ, ਵਾਰ ਅਤੇ ਕਲੀ ਦੀਆਂ ਪੇਸ਼ਕਾਰੀਆਂ ਨਾਲ਼ ਸਜਿਆ ਇਹ ਮੇਲਾ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਹਾਜ਼ਰ ਮਹਿਮਾਨਾਂ ਲਈ ਯਾਦਗਾਰੀ ਬਣ ਗਿਆ ਅਤੇ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।
ਪਿਛਲੀ ਖ਼ਬਰ ਖੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸਾਹਿਤ ਸਭਾ ਵੱਲੋਂ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਸਮਾਰੋਹ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।