15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਇਤਿਹਾਸਕ ਸ਼ਹਿਰ ਮਲੇਰਕੋਟਲਾ 'ਚ 'ਡਾਵਾਂਡੋਲ' ਹੋਈ ਟਰੈਫ਼ਿਕ ਵਿਵਸਥਾ

ਅਜੀਤ ਡੈਸਕ 22-05-2026
ਮਲੇਰਕੋਟਲਾ, 21 ਮਈ (ਮਨਜਿੰਦਰ ਸਿੰਘ ਸਰੌਦ) - ਸੂਬੇ ਦੇ ਇਤਿਹਾਸਕ ਸ਼ਹਿਰ ਮਲੇਰਕੋਟਲਾ ਦੇ ਅੰਦਰ ਟਰੈਫ਼ਿਕ ਦੀ ਸਮੱਸਿਆ ਨਾਲ ਜੂਝਦੇ ਲੋਕਾਂ ਦੀ 'ਦਰਦ ਕਹਾਣੀ' ਮੁੱਕਣ ਦਾ ਨਾਮ ਨਹੀਂ ਲੈ ਰਹੇ | ਸਿਤਮ ਦੀ ਗੱਲ ਹੈ ਕਿ ਵਰਿ੍ਹਆਂ ਤੋ ਕਈ ਚੌਂਕਾਂ ਅੰਦਰ ਬੱਤੀਆਂ ਵਾਲੇ ਡਿੱਗੇ ਪਏ ਖੰਭਿਆਂ ਨੂੰ ਮੁੜ ਤੋਂ ਲਗਾਉਣ ਦੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ | ਦੁਪਹਿਰ ਢਲਦਿਆਂ ਹੀ ਮਲੇਰਕੋਟਲਾ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਤੇ ਚੌਕਾਂ ਅੰਦਰ ਲੱਗੇ ਵੱਡੇ ਜਾਮ ਵੇਖਣ ਨੂੰ ਆਮ ਮਿਲ ਜਾਂਦੇ ਹਨ | ਪਿਛਲੇ ਲੰਬੇ ਸਮੇਂ ਤੋਂ ਮਲੇਰਕੋਟਲਾ ਸ਼ਹਿਰ ਦੇ ਸਥਾਨਕ ਪਿੱਪਲੀ ਚੌਂਕ ਤੋਂ ਲੈ ਕੇ ਸਰਹੰਦੀ ਗੇਟ ਤੱਕ ਆਥਣ ਵੇਲੇ ਹਾਲਾਤ ਕੀ ਹੁੰਦੇ ਹਨ ਕਹਿਣ ਦੀ ਲੋੜ ਨਹੀਂ | ਸਰਹੰਦੀ ਗੇਟ ਤੋਂ ਲਾਲ ਬਾਜ਼ਾਰ ਤੱਕ ਮਜਾਲ ਹੈ ਕੋਈ 'ਮਾਈ ਦਾ ਲਾਲ' ਸਹੀ ਹਾਲਤ ਵਿੱਚ ਲੰਘ ਜਾਵੇ | ਸ਼ਹਿਰ ਦੇ 786 ਚੌਂਕ, ਮਾਲੇਰਕੋਟਲਾ-ਲੁਧਿਆਣਾ ਪੁਲ ਦੇ ਨਜ਼ਦੀਕ ਸਰੌਦ ਚੌਂਕ ਦਾ ਹਾਲ ਤਾਂ ਕਈ ਵਾਰ ਆਥਣ ਵੇਲੇ ਵੇਖਿਆ ਹੀ ਬਣਦਾ ਹੈ | ਸਥਾਨਕ ਟਰੱਕ ਯੂਨੀਅਨ ਚੌਂਕ ਦੀ ਹਾਲਤ ਨੂੰ ਵੇਖ ਕੇ ਟਰੈਫ਼ਿਕ ਦੀ ਸਮੱਸਿਆ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ | ਸ਼ਹਿਰ ਦੇ ਹੋਰ ਕਈ ਚੌਂਕਾਂ ਅੰਦਰ ਕਹਾਣੀ ਕੋਈ ਵੱਖਰੀ ਨਹੀਂ ਹੈ ਉੱਥੇ ਵੀ ਲੱਗੇ ਜਾਮ ਦੇ ਕਾਰਨ ਲੰਬੀਆਂ ਕਤਾਰਾਂ ਦੇ ਦਰਸ਼ਨ ਆਮ ਹੋ ਜਾਂਦੇ ਹਨ | ਜੇਕਰ ਟਰੈਫ਼ਿਕ ਜਾਮ ਦੇ ਵਰਤਾਰੇ ਦੌਰਾਨ ਬਾਕੀ ਸਭ ਕੁੱਝ ਨੂੰ ਮਨਫ਼ੀ ਵੀ ਕਰ ਦਈਏ ਤਾਂ ਐਂਬੂਲੈਂਸਾਂ ਵਿੱਚ ਮਰੀਜ਼ਾਂ ਦੀ ਹਾਲਤ ਵੇਖ ਕੇ ਕਾਲਜਾ ਜ਼ਰੂਰ ਹਿੱਲ ਜਾਂਦਾ ਹੈ | ਇਸ ਸਾਰੇ ਕੁੱਝ ਨੂੰ ਵੇਖ ਕੇ ਇੱਕ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਸ਼ਹਿਰ ਦੀਆਂ ਇਨੀਆਂ ਭੀੜ-ਭਾੜ ਵਾਲੀਆਂ ਜਗਾਵਾਂ 'ਤੇ ਵੀ ਕਈ ਵਾਰ ਕੋਈ ਟਰੈਫ਼ਿਕ ਕਰਮਚਾਰੀ ਹਾਜ਼ਰ ਨਹੀਂ ਹੁੰਦਾ | ਉਸ ਵੇਲੇ ਆਮ ਲੋਕ ਹੀ ਟਰੈਫ਼ਿਕ ਨੂੰ ਕੰਟਰੋਲ ਕਰਦੇ ਵੇਖੇ ਜਾ ਸਕਦੇ ਹਨ | ਇੱਕਾ-ਦੁੱਕਾ ਚੌਂਕਾਂ ਵਿੱਚ ਟਰੈਫ਼ਿਕ ਕਰਮਚਾਰੀ ਜ਼ਰੂਰ ਖੜੇ ਮਿਲ ਜਾਂਦੇ ਹਨ | ਇਸ ਅਹਿਮ ਮਸਲੇ ਸਬੰਧੀ ਰਾਹਗੀਰਾਂ ਦਾ ਆਖਣਾ ਹੈ ਕਿ ਟਰੈਫ਼ਿਕ ਪੁਲਿਸ ਮਹਿਜ਼ ਚਲਾਣ ਕੱਟਣ ਤੱਕ ਹੀ ਸੀਮਤ ਕਿਉਂ ਹੈ | ਜਦਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸੜਕਾਂ 'ਤੇ ਕੀਤੇ ਨਜਾਇਜ਼ ਕਬਜ਼ਿਆਂ ਤੋਂ ਇਲਾਵਾ ਸ਼ਹਿਰ ਅੰਦਰ ਖੁੱਲ੍ਹੇਆਮ ਫਿਰ ਰਹੇ ਈ. ਰਿਕਸ਼ਾ ਨੂੰ ਕੰਟਰੋਲ ਕਰਨ ਦੇ ਲਈ ਸਖ਼ਤ ਕਦਮ ਚੁੱਕੇ | ਭਾਵੇਂ ਕਈ ਵਾਰ ਈ. ਰਿਕਸ਼ਾ ਸਬੰਧੀ ਕਾਗ਼ਜ਼ ਪੱਤਰਾਂ ਨੂੰ ਲੈ ਕੇ ਚਰਚਾ ਜ਼ਰੂਰ ਕੀਤੀ ਗਈ ਪਰ ਸ਼ਾਇਦ ਮੁੜ ਤੋਂ ਇਸ ਅਹਿਮ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸੇ ਨੇ ਚਾਰਾਜੋਈ ਨਹੀਂ ਕੀਤੀ |
ਪਿਛਲੀ ਖ਼ਬਰ ਪੰਚਾਇਤ ਵਿਰੋਧੀ ਕਾਰਜ 'ਚ ਦੋਸ਼ੀ ਪਾਏ ਜਾਣ ਵਾਲੇ 5 ਪੰਚ ਮੁਅੱਤਲ ਅਗਲੀ ਖ਼ਬਰ ਦੇਸ਼ 'ਚ ਪੜ੍ਹੇ ਲਿਖੇ ਨੌਜਵਾਨਾਂ 'ਚ ਬੇਰੁਜ਼ਗਾਰੀ ਦੀ ਦਰ 29% ਤੱਕ ਪਹੁੰਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।