ਦਿੜ੍ਹਬਾ ਮੰਡੀ, 17 ਮਈ (ਹਰਬੰਸ ਸਿੰਘ ਛਾਜਲੀ)-ਰਸੋਈ ਗੈਸ ਸਿਲੰਡਰ ਲੈਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਗੈੱਸ ਏਜੰਸੀ ਵਿਚ ਗੈਸ ਸਿਲੰਡਰ ਲੈਣ ਲਈ ਆਏ ਖੱਜਲ ਖ਼ੁਆਰ ਹੁੰਦੇ ਹਨ | ਹਰ ਰੋਜ਼ ਬਹੁਤ ਸਾਰੇ ਲੋਕ ਗੈਸ ਸਿਲੰਡਰ ਨਾ ਮਿਲਣ ਦੀ ਸਮੱਸਿਆ ਲੈ ਕੇ ਆਉਂਦੇ ਹਨ | ਪਿੰਡਾਂ ਵਿੱਚੋਂ ਤਪਦੀ ਗਰਮੀ ਵਿਚ ਸਮੱਸਿਆ ਲੈ ਕੇ ਦਿੜ੍ਹਬਾ ਵਿਖੇ ਗੈੱਸ ਏਜੰਸੀ ਵਿੱਚ ਆਉਂਦੇ ਹਨ | ਫਿਰ ਵੀ ਬਹੁਤੇ ਲੋਕਾਂ ਦੀ ਸਮੱਸਿਆ ਹੱਲ ਨਹੀਂ ਹੁੰਦੀ | ਪ੍ਰਧਾਨ ਲਾਲ ਸਿੰਘ ਸੰਤਪੁਰਾ, ਸੁਖਦੇਵ ਸਿੰਘ ਦਿੜ੍ਹਬਾ, ਗੁਰਪ੍ਰੀਤ ਸਿੰਘ ਕੜਿਆਲ, ਜਗਰਾਜ ਸਿੰਘ ਸੂਲਰ ਘਰਾਟ, ਬਲਬੀਰ ਸਿੰਘ ਘਨੌੜ ਰਾਜਪੂਤਾਂ ਨੇ ਕਿਹਾ ਕਿ ਮੋਬਾਈਲ ਤੋਂ ਗੈੱਸ ਸਿਲੰਡਰ ਬੁੱਕ ਹੋ ਜਾਂਦਾ ਹੈ ਪਰ ਜਦ ਗੈੱਸ ਸਿਲੰਡਰ ਵਾਲੀ ਗੱਡੀ ਪਿੰਡ ਜਾਂਦੀ ਹੈ ਤਾਂ ਪਰਚੀ ਨਾ ਕੱਟੀ ਹੋਣ ਕਰਕੇ ਗੈੱਸ ਸਿਲੰਡਰ ਨਹੀਂ ਮਿਲਦਾ | ਸਰਕਾਰ ਨੇ ਗੈੱਸ ਸਿਲੰਡਰ ਘਰ ਘਰ ਪਹੁੰਚਾਉਣ ਦੀ ਸਹੂਲਤ ਦਿੱਤੀ ਹੋਈ ਹੈ, ਪਰ ਇੱਥੇ ਗੈਸ ਸਿਲੰਡਰ ਦੀ ਬੁਕਿੰਗ ਠੀਕ ਕਰਵਾਉਣ ਲਈ ਪਿੰਡਾਂ ਤੇ ਸ਼ਹਿਰ ਵਾਲਿਆਂ ਨੂੰ ਗੈੱਸ ਏਜੰਸੀ ਦੇ ਕਈ ਕਈ ਗੇੜੇ ਮਾਰਨੇ ਪੈਂਦੇ ਹਨ, ਜਿਸ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ | ਪ੍ਰਸ਼ਾਸਨ ਲੋਕਾਂ ਦੀ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੈ, ਲੋਕ ਖੱਜਲ ਖ਼ੁਆਰ ਹੋਣ ਲਈ ਮਜਬੂਰ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਜੇਕਰ ਦਿੜ੍ਹਬਾ ਇਲਾਕੇ ਦੇ ਗੈੱਸ ਖਪਤਕਾਰਾਂ ਦੀਆਂ ਸਮੱਸਿਆਵਾਂ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਹੱਲ ਕਰਨ ਲਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਪੰਕਜ ਕੁਮਾਰ ਨੇ ਕਿਹਾ ਕਿ ਗੈੱਸ ਸਪਲਾਈ ਸਬੰਧੀ ਕਿਸੇ ਵੀ ਖਪਤਕਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਡਿਲਿਵਰੀ ਸਮੇਂ ਬੁਕਿੰਗ ਸਿਲੰਡਰਾਂ ਦੀਆਂ ਪਰਚੀਆਂ ਨਾ ਪਹੁੰਚਣ ਸਬੰਧੀ ਪੜਤਾਲ ਕਰਕੇ ਅੱਗੇ ਤੋਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਗੈੱਸ ਖਪਤਕਾਰ ਬੇਝਿਜਕ ਹੋ ਕੇ ਵਿਭਾਗ ਦੇ ਧਿਆਨ ਵਿਚ ਸਮੱਸਿਆ ਲਿਆਉਣ ਤਾਂ ਜੋ ਮਸਲਾ ਕੀਤਾ ਜਾ ਸਕੇ |