ਕੁੱਪ ਕਲਾਂ, 17 ਮਈ (ਸੁਖਜਿੰਦਰ ਸਿੰਘ ਝੱਲ) - ਏ.ਡੀ.ਜੀ.ਪੀ ਪੀ.ਪੀ.ਐਚ.ਸੀ ਅਰੁਣਪਾਲ ਸਿੰਘ ਵੱਲੋਂ ਐਸ.ਐਸ.ਪੀ ਮਲੇਰਕੋਟਲਾ ਗੁਰਮੀਤ ਸਿੰਘ ਅਤੇ ਐਸ.ਪੀ ਹੈੱਡਕੁਆਟਰ ਨਾਲ ਕੁੱਪ ਕਲਾਂ ਵਿਖੇ ਬਣ ਰਹੀ ਜ਼ਿਲ੍ਹੇ ਦੀ ਨਵੀਂ ਪੁਲਿਸ ਲਾਈਨ ਅਤੇ ਹੋਰ ਇਮਾਰਤਾਂ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ | ਇਸ ਮੌਕੇ ਏਡੀਜੀਪੀ ਅਰੁਣਪਾਲ ਸਿੰਘ ਨੇ ਆਖਿਆ ਕਿ ਨਵੀਂ ਪੁਲਿਸ ਲਾਈਨ ਦੇ ਮੁਕੰਮਲ ਹੋਣ ਨਾਲ ਜਿੱਥੇ ਜ਼ਿਲ੍ਹਾ ਪੁਲਿਸ ਦੇ ਦਫ਼ਤਰਾਂ ਅਤੇ ਰਿਹਾਇਸ਼ ਦੀ ਸਮੱਸਿਆ ਦਾ ਹੱਲ ਹੋਵੇਗਾ, ਉੱਥੇ ਹੀ ਸਮੁੱਚੇ ਜ਼ਿਲੇ੍ਹ ਦੇ ਲੋਕਾਂ ਨੂੰ ਜ਼ਿਲੇ੍ਹ ਨਾਲ ਸੰਬੰਧਿਤ ਪੁਲਿਸ ਅਫ਼ਸਰਾਂ ਨੂੰ ਮਿਲਣ ਲਈ ਇੱਧਰ ਉਧਰ ਜਾਣ ਦੀ ਬਜਾਏ ਇੱਕੋ ਸਥਾਨ 'ਤੇ ਹੀ ਮਿਲਣ ਦਾ ਮੌਕਾ ਮਿਲੇਗਾ | ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਆਖਿਆ ਕਿ ਨਵੇਂ ਜ਼ਿਲ੍ਹੇ ਦੇ ਹੋਂਦ 'ਚ ਆਉਣ ਤੋਂ ਬਾਅਦ ਹੁਣ ਤੱਕ ਜ਼ਿਲ੍ਹੇ ਨੂੰ ਸਥਾਈ ਪੁਲਿਸ ਲਾਈਨ ਨਾ ਮਿਲਣ ਕਾਰਨ ਜਨਤਾ ਅਤੇ ਪੁਲਿਸ ਅਫ਼ਸਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦਾ ਹੁਣ ਮੁਕੰਮਲ ਹੱਲ ਹੋ ਜਾਵੇਗਾ ਕਿਉਂਕਿ ਇਸ ਪੁਲਿਸ ਲਾਈਨ ਅੰਦਰ ਸਾਰੇ ਪੁਲਿਸ ਅਫ਼ਸਰਾਂ ਦੇ ਦਫ਼ਤਰਾਂ ਤੋਂ ਇਲਾਵਾ ਹਾਇਸ਼ਾਂ ਦਾ ਵੀ ਪ੍ਰਬੰਧ ਹੋਵੇਗਾ | ਇਸ ਤੋਂ ਇਲਾਵਾ ਪਰਿਵਾਰਾਂ ਸਮੇਤ ਰਹਿਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੁਆਰਟਰ ਵੀ ਅਲਾਟ ਕੀਤੇ ਜਾਣਗੇ, ਇਸ ਪੁਲਿਸ ਲਾਈਨ ਅੰਦਰ ਇੱਕ ਵਿਸ਼ਾਲ ਗਰਾਉਂਡ ਵੀ ਰੱਖਿਆ ਗਿਆ ਹੈ | ਇਸ ਪੁਲਿਸ ਲਾਈਨ ਦਾ ਰਹਿੰਦਾ ਕੰਮ ਤਹਿ ਸਮਾਂ ਸੀਮਾ ਦੇ ਅੰਦਰ ਕਰਵਾਉਣ ਤੋਂ ਇਲਾਵਾ ਇਸ ਗੱਲ ਦਾ ਵੀ ਜਾਇਜ਼ਾ ਲਿਆ ਗਿਆ ਕਿ ਇਮਾਰਤਾਂ ਬਣਾਉਣ ਲਈ ਵਰਤਿਆ ਜਾ ਰਿਹਾ ਮਟੀਰੀਅਲ ਸਰਕਾਰੀ ਮਾਪਦੰਡ ਅਨੁਸਾਰ ਸਹੀ ਹੈ |