ਮਲੇਰਕੋਟਲਾ, 17 ਮਈ (ਮਨਜਿੰਦਰ ਸਿੰਘ ਸਰੌਦ)- ਜ਼ਿਲ੍ਹਾ ਮਲੇਰਕੋਟਲਾ ਦੇ ਨੇੜਲੇ ਪਿੰਡ ਸੰਗਾਲਾ ਵਿਖੇ ਪਿੰਡ ਵਾਸੀਆਂ ਵਲੋਂ ਇੱਕ ਵੱਖਰੀ ਮਿਸਾਲ ਪੇਸ਼ ਕਰਦਿਆਂ ਗੁਰਦੁਆਰਾ ਸਾਹਿਬਾਨ ਅੰਦਰ ਗ੍ਰੰਥੀ ਗੁਲਜ਼ਾਰ ਸਿੰਘ ਨੂੰ ਨਿਰੰਤਰ ਸੇਵਾ ਨਿਭਾਉਂਦਿਆਂ 25 ਸਾਲ ਪੂਰੇ ਹੋਣ ਦੇ ਚਲਦਿਆਂ ਪ੍ਰਵਾਸੀ ਭਾਰਤੀ ਨਿਰਭੈ ਸਿੰਘ ਅਮਰੀਕਾ ਤੇ ਪਿੰਡ ਵਾਸੀਆਂ ਵਲੋਂ ਇਲੈਕਟੋ੍ਰਨਿਕ ਸਕੂਟਰ ਨਾਲ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੱਤਰਕਾਰ ਪਰਮਜੀਤ ਸਿੰਘ ਸੰਗਾਲਾ ਨੇ ਦੱਸਿਆ ਕਿ ਪਹਿਲਾਂ ਵੀ ਨਿਰਭੈ ਸਿੰਘ ਅਮਰੀਕਾ ਵਲੋਂ ਗ੍ਰੰਥੀ ਸਿੰਘ ਨੂੰ ਨਵੀਂ ਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ | ਕਈ ਗੁਰਦੁਆਰਾ ਸਾਹਿਬਾਨ ਅੰਦਰ ਗ੍ਰੰਥੀ ਸਿੰਘ ਮਹੀਨਾ ਜਾਂ ਦੋ ਮਹੀਨੇ ਹੀ ਸੇਵਾ ਨਿਭਾਉਂਦੇ ਹਨ, ਉੱਥੇ ਹੀ ਪਿੰਡ ਸੰਗਾਲਾ ਵਿਖੇ ਬਾਕੀਆਂ ਲਈ ਮਿਸਾਲ ਬਣੇ ਗ੍ਰੰਥੀ ਗੁਲਜ਼ਾਰ ਸਿੰਘ ਜਿਨ੍ਹਾਂ ਨੇ ਨਿਰੰਤਰ 25 ਸਾਲ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਂਦਿਆਂ ਕਦੇ ਵੀ ਮੱਥੇ ਵੱਟ ਨਹੀਂ ਪਾਇਆ | ਇਤਿਹਾਸ ਨੂੰ ਖੰਗਾਲੀਏ ਤਾਂ 1996 ਵਿੱਚ ਗੁਲਜ਼ਾਰ ਸਿੰਘ ਦੇ ਪਿਤਾ ਪਿੰਡ ਸੰਗਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰਨ ਆਏ ਤੇ ਉੱਥੋਂ ਉਨ੍ਹਾਂ ਨਾਲ ਉਨ੍ਹਾਂ ਦੇ ਸਪੁੱਤਰ ਚਮਕੌਰ ਸਿੰਘ ਤੇ ਗੁਲਜ਼ਾਰ ਸਿੰਘ ਨਾਲ ਸਨ | ਫਿਰ ਗੁਲਜ਼ਾਰ ਸਿੰਘ ਨੇ 2001 'ਚ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸੰਗਾਲਾ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਅੱਜ ਨਿਰੰਤਰ 25 ਸਾਲ ਪੂਰੇ ਹੋਣ ਤੇ ਪਿੰਡ ਵਾਸੀਆਂ ਤੇ ਨਿਰਭੈ ਸਿੰਘ ਵਲੋਂ ਬਾਬਾ ਗੁਲਜ਼ਾਰ ਸਿੰਘ ਨੂੰ ਨਵੀਂ ਇਲੈਕਟੋ੍ਰਨਿਕ ਸਕੂਟਰੀ ਨਾਲ ਸਨਮਾਨਿਤ ਕੀਤਾ | ਇਹ ਵੀ ਖ਼ਾਸ ਹੈ ਕਿ ਉਨ੍ਹਾਂ ਦੇ ਭਰਾ ਚਮਕੌਰ ਸਿੰਘ ਜੋ ਕਿ ਪਿੰਡ ਸੰਗਾਲੀ ਵਿਖੇ ਸੇਵਾ ਨਿਭਾਉਂਦੇ ਹਨ, ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਨਵੀਂ ਕੋਠੀ ਪਾ ਕੇ ਦਿੱਤੀ ਗਈ ਸੀ | ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਪ੍ਰਧਾਨ ਰਣਧੀਰ ਸਿੰਘ, ਨਿਰਭੈ ਸਿੰਘ ਅਮਰੀਕਾ, ਚਮਕੌਰ ਸਿੰਘ, ਖ਼ਜ਼ਾਨਚੀ ਕੁਲਵੰਤ ਸਿੰਘ, ਸਰਪੰਚ ਹਰਜੀਤ ਸਿੰਘ, ਲੱਖਾ ਸਿੰਘ, ਪਾਲ ਸਿੰਘ, ਮਾਸਟਰ ਲਾਭ ਸਿੰਘ ਤੇ ਪਿੰਡ ਸੰਗਾਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਮਹੀਪਾਲ ਸਿੰਘ, ਬਾਬਾ ਮੱਖਣ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਚਮਕੌਰ ਸਿੰਘ ਸੰਗਾਲੀ ਆਦਿ ਹਾਜ਼ਰ ਸਨ |