ਮਲੇਰਕੋਟਲਾ, 17 ਮਈ (ਮਨਜਿੰਦਰ ਸਿੰਘ ਸਰੌਦ) - ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਦੇ ਲਈ ਕਈ ਸਿਰੜੀ ਜਥੇਬੰਦੀਆਂ ਵਲੋਂ ਲੰਬਾ ਸੰਘਰਸ਼ ਵਿੱਢ ਕੇ ਇਸ ਨਿਆਮਤ ਨੂੰ ਬਚਾ ਕੇ ਰੱਖਣ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਮਲੇਰਕੋਟਲਾ, ਅਮਰਗੜ੍ਹ, ਧੂਰੀ ਤੇ ਮਹਿਲਕਲਾਂ ਚਾਰ ਵਿਧਾਨ ਸਭਾ ਹਲਕਿਆਂ ਨੂੰ ਨਹਿਰੀ ਪਾਣੀ ਦੇਣ ਲਈ ਅਮਰਗੜ੍ਹ ਹਲਕੇ ਦੇ ਪਿੰਡ ਲਾਡੇਵਾਲ ਤੋਂ ਸ਼ੁਰੂ ਹੋਣ ਵਾਲੀ ਮਲੇਰਕੋਟਲਾ ਮਿੰਨੀ ਨਹਿਰ ਦੇ ਲਈ ਨਹਿਰੀ ਮਹਿਕਮੇ ਵੱਲੋਂ ਤਕਰੀਬਨ ਤਿੰਨ ਦਰਜਨ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ | ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸੁਖਵਿੰਦਰ ਸਿੰਘ ਚੰੁੂਘਾਂ ਵਿੱਤ ਸਕੱਤਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ, ਰੁਪਿੰਦਰ ਸਿੰਘ ਚੌਦਾਂ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਆਖਿਆ ਕਿ ਇਸ ਮਾਮਲੇ ਸਬੰਧੀ ਨਿਸ਼ਾਨਦੇਹੀ, 50 ਪਿੰਡਾਂ ਦੇ ਕਰੀਬ ਰਕਬੇ ਦੀ ਚੱਕਬੰਦੀ ਤੇ ਲੈਵਲ ਕੱਢਣ ਦੀ ਪ੍ਰਕਿਰਿਆ ਵੀ ਲਗਭਗ ਪੂਰੀ ਹੋ ਚੁੱਕੀ ਹੈ | ਪ੍ਰੰਤੂ ਐਕਵਾਇਰ ਹੋ ਚੁੱਕੀ ਕਿਸਾਨਾਂ ਦੀ ਜ਼ਮੀਨ ਦੇ ਮੁਆਵਜ਼ੇ ਦੀ ਰਾਸ਼ੀ ਤਿੰਨ ਹਫ਼ਤੇ ਪਹਿਲਾਂ ਸਬੰਧਤ ਅਧਿਕਾਰੀਆਂ ਦੇ ਖਾਤਿਆਂ ਵਿਚ ਆ ਚੁੱਕੀ ਹੈ, ਜਿਸ ਸਬੰਧੀ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਵਫ਼ਦ ਵੱਲੋਂ ਦੋ ਵਾਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਣ 'ਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ, ਜਦਕਿ ਹਾੜੀ ਦੀ ਵਾਢੀ ਤੋਂ ਬਾਅਦ ਹੁਣ ਖੇਤ ਖਾਲੀ ਹੋਏ ਹਨ, ਕਿਸਾਨਾਂ ਦਾ ਬਣਦਾ ਵੱਧ ਤੋਂ ਵੱਧ ਮੁਆਵਜ਼ਾ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਕੇ ਸਬੰਧਤ ਵਿਭਾਗ ਵੱਲੋਂ ਕਿਸਾਨਾਂ ਤੋਂ ਜ਼ਮੀਨ ਪ੍ਰਾਪਤ ਕਰ ਕੇ ਜਲਦੀ ਤੋਂ ਜਲਦੀ ਨਹਿਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇ | ਇਸ ਮੌਕੇ ਕਿਸਾਨ ਆਗੂ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸੁਖਵਿੰਦਰ ਸਿੰਘ ਚੰੁਘਾਂ ਵਿੱਤ ਸਕੱਤਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ, ਰੁਪਿੰਦਰ ਸਿੰਘ ਚੌਦਾਂ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਹਰਜੀਤ ਸਿੰਘ ਬਦੇਸ਼ਾ, ਮਾਨ ਸਿੰਘ ਸੱਦੋਪੁਰ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ ਆਦਮਪਾਲ, ਪ੍ਰਧਾਨ ਪ੍ਰਦੁੱਮਣ ਸਿੰਘ ਦਲੇਲਗੜ੍ਹ, ਰਣਜੀਤ ਸਿੰਘ ਹਥਨ, ਜਗਤਾਰ ਸਿੰਘ ਘਨੌਰ, ਕੇਵਲ ਸਿੰਘ ਨੰਬਰਦਾਰ ਫਰਵਾਹੀ, ਕਮਲ ਬੁਰਜ, ਮਨਪ੍ਰੀਤ ਸਿੰਘ ਈਸਾਪੁਰ ਆਦਿ ਹਾਜ਼ਰ ਸਨ |