02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੈਰੀਟੋਰੀਅਸ ਅਧਿਆਪਕਾਂ ਨੇ ਵਿੱਤ ਮੰਤਰੀ ਦੀ ਕੋਠੀ ਮੂਹਰੇ ਦਿੱਤਾ ਧਰਨਾ <br/>

ਅਜੀਤ ਡੈਸਕ 04-04-2026
ਸੰਗਰੂਰ, 3 ਅਪ੍ਰੈਲ (ਧੀਰਜ ਪਸ਼ੋਰੀਆ)-ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਅਧਿਆਪਕਾਂ ਨੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਦਰਜ ਕਰਵਾਇਆ | ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ ਨੇ ਦੱਸਿਆ ਕੀ ਮੈਰੀਟੋਰੀਅਸ ਅਧਿਆਪਕ ਪਿਛਲੇ 11 ਸਾਲਾਂ ਤੋਂ ਮੈਰੀਟੋਰੀਅਸ ਸਕੂਲਾਂ ਵਿੱਚ ਕੱਚੇ ਤੌਰ 'ਤੇ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਮੁੱਖ ਮੰਗ ਮੈਰੀਟੋਰੀਅਸ ਅਧਿਆਪਕਾ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਹੈ | ਉਨ੍ਹਾਂ ਦੀ ਭਰਤੀ ਸਰਕਾਰੀ ਲੈਕਚਰਾਰਾਂ ਵਾਂਗ ਪੂਰੀ ਪ੍ਰਕਿਰਿਆ ਰਾਹੀਂ ਹੋਈ ਹੈ, ਯੋਗਤਾਵਾਂ ਵੀ ਉਨ੍ਹਾਂ ਦੇ ਬਰਾਬਰ ਹਨ ਅਤੇ ਕੰਮ ਵੀ ਉਨ੍ਹਾਂ ਦੇ ਸਮਾਨ ਹੀ ਲਿਆ ਜਾਂਦਾ ਹੈ ਪਰ ਸਿਰਫ਼ ਕੱਚੇ ਹੋਣ ਕਰ ਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਵੱਡਾ ਭੇਦਭਾਵ ਕੀਤਾ ਜਾ ਰਿਹਾ ਹੈ | ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਜਿੱਥੇ ਇੱਕ ਪੱਕੇ ਸਰਕਾਰੀ ਲੈਕਚਰਾਰ ਨੂੰ ਪੂਰੀ ਤਨਖ਼ਾਹ, ਭੱਤੇ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ, ਉੱਥੇ ਮੈਰੀਟੋਰੀਅਸ ਅਧਿਆਪਕਾਂ ਨੂੰ ਉਨ੍ਹਾਂ ਨਾਲੋਂ ਕਾਫ਼ੀ ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ | ਇਨ੍ਹਾਂ ਅਧਿਆਪਕਾਂ ਤੋਂ ਸਾਰੇ ਕੰਮ-ਪੜ੍ਹਾਉਣ ਤੋਂ ਲੈ ਕੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਤੱਕ ਲਏ ਜਾਂਦੇ ਹਨ, ਪਰ ਸਹੂਲਤਾਂ ਉਨ੍ਹਾਂ ਦੇ ਹੱਕਾਂ ਅਨੁਸਾਰ ਨਹੀਂ ਦਿੱਤੀਆਂ ਜਾਂਦੀਆਂ | ਉਨ੍ਹਾਂ ਨੇ ਕਿਹਾ ਕਿ ਇਹ ਮੈਰੀਟੋਰੀਅਸ ਅਧਿਆਪਕਾ ਨਾਲ ਸਿੱਧੇ ਤੌਰ ਤੇ ਧੱਕਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਨੂੰ ਤੁਰੰਤ ਦਰੁਸਤ ਕਰਨਾ ਚਾਹੀਦਾ ਹੈ | ਇਸ ਮੌਕੇ ਯੂਨੀਅਨ ਆਗੂ ਡਾ. ਟੀਨਾ ਨੇ ਬੀ ਸੰਬੋਧਨ ਕੀਤਾ | ਧਰਨੇ ਦੌਰਾਨ 'ਰੈਗੂਲਰ ਕਰੋ' ਅਤੇ 'ਵਾਅਦੇ ਪੂਰੇ ਕਰੋ' ਵਰਗੇ ਨਾਅਰੇ ਗੂੰਜਦੇ ਰਹੇ | ਅਧਿਆਪਕਾਂ ਨੇ ਸਪਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ | ਗੌਰਮਿੰਟ ਟੀਚਰ ਯੂਨੀਅਨ ਤੋਂ ਫ਼ਕੀਰ ਸਿੰਘ ਟਿੱਬਾ, ਸਰਬਜੀਤ ਸਿੰਘ ਪੁੰਨਾਵਾਲ, ਬੱਗਾ ਸਿੰਘ, ਜਗਰੂਪ ਸਿੰਘ ਉਪਲੀ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ | ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਯੂਨੀਅਨ ਨਾਲ ਗੱਲਬਾਤ ਕੀਤੀ ਗਈ ਅਤੇ ਸਬ-ਕਮੇਟੀ ਨਾਲ 10 ਅਪ੍ਰੈਲ ਨੂੰ ਅਤੇ ਸਿੱਖਿਆ ਸਕੱਤਰ ਨਾਲ 07 ਅਪ੍ਰੈਲ ਨੂੰ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਦਿੱਤਾ ਗਿਆ | ਇਸ ਲਿਖਤੀ ਭਰੋਸੇ ਤੋਂ ਬਾਅਦ ਯੂਨੀਅਨ ਨੇ ਆਪਣਾ ਧਰਨਾ ਅਸਥਾਈ ਤੌਰ 'ਤੇ ਖ਼ਤਮ ਕਰ ਦਿੱਤਾ ਗਿਆ | |

ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾਂ ਦੇ 1400 ਬਜ਼ੁਰਗ ਕਰ ਚੁੱਕੇ ਹਨ ਯਾਤਰਾ... ਅਗਲੀ ਖ਼ਬਰ ਬਿਜਲੀ ਬੋਰਡ ਦਾ ਐੱਸ.ਡੀ.ਓ ਚੌਕਸੀ ਵਿਭਾਗ ਵੱਲੋਂ ਰੰਗੇ ਹੱਥੀਂ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।