ਸੰਗਰੂਰ, 1 ਅਪ੍ਰੈਲ (ਧੀਰਜ ਪਸ਼ੋਰੀਆ)-ਸੰਗਰੂਰ ਦੇ ਵਾਰਡ ਨੰਬਰ 23 ਵਿਚ ਪੈਂਦੀ ਕਲੋਨੀ ਰਾਮ ਨਗਰ ਬਸਤੀ ਵਿਚ ਸੀਵਰੇਜ ਓਵਰਫਲੋਅ ਦਾ ਮੁੱਦਾ ਗਰਮਾ ਗਿਆ ਹੈ | ਸਥਿਤੀ ਇਹ ਬਣ ਗਈ ਹੈ ਕਿ ਰਾਮ ਨਗਰ ਬਸਤੀ ਵਿਚ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ ਦੀਆਂ ਪਾਈਪ ਲਾਈਨਾਂ ਵਿਚ ਜਾ ਰਿਹਾ ਹੈ ਜਿਸ ਕਾਰਨ ਮਹੱਲੇ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਆਪਣੀਆਂ ਦੁੱਖ ਤਕਲੀਫ਼ਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਪੁੱਜੇ ਕਲੋਨੀ ਵਾਸੀਆਂ ਨੇ ਦੱਸਿਆ ਕਿ ਇਹਨਾਂ ਭਿਆਨਕ ਬਿਮਾਰੀਆਂ ਕਾਰਨ ਬਸਤੀ ਵਿਚ ਹੁਣ ਤੱਕ 33 ਮੌਤਾਂ ਹੋ ਚੁੱਕੀਆਂ ਹਨ | ਗਲੀਆਂ ਵਿਚ ਫੈਲੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਗਲੀਆਂ ਵਿਚੋਂ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਭਾਰਤ ਸਰਕਾਰ, ਰਾਜਪਾਲ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਹੋਰਨਾਂ ਨੂੰ ਲਿਖੇ ਪੱਤਰ ਜੋ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸੌਂਪਿਆ ਗਿਆ ਵਿਚ ਲਿਖਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਕਲੋਨੀ ਵਿਚ ਵਾਟਰ ਸਪਲਾਈ ਦੀ ਨਵੀਂ ਪਾਈਪਲਾਈਨ ਪਾਉਣ ਦਾ ਉਦਘਾਟਨ ਕੀਤਾ ਗਿਆ ਸੀ ਜਿਸ ਕਾਰਨ ਮਹੱਲੇ ਦੀਆਂ ਕਈ ਗਲੀਆਂ ਪੁੱਟ ਦਿੱਤੀਆਂ ਗਈਆਂ ਪ੍ਰੰਤੂ ਗਲੀਆਂ ਪੁੱਟਣ ਤੋਂ ਬਾਅਦ ਬਿਨਾਂ ਕਾਰਨ ਉਹ ਕੰਮ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿਚ ਫੈਲਿਆ ਹੋਇਆ ਹੈ | ਪੁੱਟੀਆਂ ਹੋਈਆਂ ਗਲੀਆਂ ਕਾਰਨ ਪਾਣੀ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਦੀਆਂ ਨੀਂਹਾਂ ਵਿਚ ਪੈ ਰਿਹਾ ਹੈ ਜਿਸ ਕਾਰਨ ਕਿਸੇ ਵੀ ਸਮੇਂ ਮਕਾਨਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਦੀ ਭਰਪਾਈ ਕਰਨੀ ਮੁਸ਼ਕਿਲ ਹੋ ਜਾਵੇਗੀ | ਕਲੋਨੀ ਵਾਸੀਆਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਅਵਤਾਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ 23 ਦੀ ਸ਼ਕੀਲ ਕਲੋਨੀ, ਗਰੇਵਾਲ ਕਲੋਨੀ, ਬੱਗੂਆਣਾ ਬਸਤੀ, ਹਨੂਮਾਨ ਕਲੋਨੀ ਵਿਚ ਵੀ ਸੀਵਰੇਜ ਨਿਕਾਸੀ ਦਾ ਬੁਰਾ ਹਾਲ ਹੈ | ਸੀਵਰੇਜ ਦਾ ਗੰਦਾ ਪਾਣੀ ਇਹਨਾਂ ਕਲੋਨੀਆਂ ਵਿਚ ਵੀ ਓਵਰਫ਼ਲੋ ਹੋਇਆ ਰਹਿੰਦਾ ਹੈ | ਰਾਮ ਨਗਰ ਬਸਤੀ ਵਿਚ ਹੋਈਆਂ 33 ਮੌਤਾਂ ਤੋਂ ਇਲਾਵਾ ਉੱਪਰ ਦੱਸੀਆਂ ਗਈਆਂ ਕਲੋਨੀਆਂ ਵਿਚ ਵੀ ਸੀਵਰੇਜ ਦੇ ਗੰਦੇ ਪਾਣੀ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ | ਡਿਪਟੀ ਕਮਿਸ਼ਨਰ ਨੂੰ ਪੱਤਰ ਦੇਣ ਆਏ ਵਫ਼ਦ ਵਿਚ ਗੁਰਚਰਨ ਸਿੰਘ ਪੱਪੀ, ਮਲ ਸਿੰਘ ਫੌਜੀ, ਡਾਕਟਰ ਟਿੰਕੂ, ਅਨੀਤਾ, ਸਰਬਜੀਤ ਕੌਰ, ਵੋਨਮਾ, ਜੈਵਤੀ, ਅਨੀਤਾ ਅਤੇ ਹੋਰ ਮੌਜੂਦ ਸਨ | ਇਹਨਾਂ ਨਾਲ ਭਾਜਪਾ ਆਗੂ ਐਡਵੋਕੇਟ ਲਲਿਤ ਗਰਗ, ਸੁਨੀਲ ਗੋਇਲ ਡਿੰਪਲ ਅਤੇ ਮਨਿੰਦਰ ਸਿੰਘ ਕਪਿਆਲ ਵੀ ਮੌਜੂਦ ਸਨ |
ਲੰਬੇ ਸਮੇਂ ਤੋਂ ਹੋ ਰਹੇ ਸੀਵਰੇਜ ਓਵਰਫ਼ਲੋ ਦਾ ਮੁੱਦਾ ਗਰਮਾਇਆ
ਅਜੀਤ ਡੈਸਕ
02-04-2026