ਛਾਜਲੀ, 1 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ) - ਸਕੂਲ ਆਫ਼ ਐਮੀਨੈਂਸ ਛਾਜਲੀ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਧਾਰਮਿਕ ਅਤੇ ਆਤਮਿਕ ਮਾਹੌਲ ਵਿੱਚ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਦੇ ਚੰਗੇ ਭਵਿੱਖ, ਤਰੱਕੀ ਅਤੇ ਇਲਾਕੇ ਦੀ ਸੁਖ-ਸ਼ਾਂਤੀ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਅਰਦਾਸ ਕੀਤੀ ਗਈ | ਇਸ ਧਾਰਮਿਕ ਸਮਾਗਮ ਵਿੱਚ ਮਹੰਤ ਸ਼੍ਰੀ ਅੰਮਿ੍ਤ ਬਣ ਜੀ, ਗੁਰਬਿਆਸ ਸਿੰਘ ਸਰਪੰਚ ਗ੍ਰਾਮ ਪੰਚਾਇਤ ਛਾਜਲੀ, ਗੁਰਸੇਵਕ ਸਿੰਘ ਧਾਲੀਵਾਲ ਪੰਚ, ਰਾਜੇਸ਼ ਕੁਮਾਰ ਪੰਚ, ਸਤਗੁਰ ਸਿੰਘ ਪੰਚ, ਦਲਜੀਤ ਸਿੰਘ ਪੰਚ, ਸਤਗੁਰ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਡਾ. ਜੁਗਰਾਜ ਸਿੰਘ, ਡਾ. ਜਗਦੇਵ ਸਿੰਘ ਅਤੇ ਜੱਗਾ ਸਿੰਘ ਪ੍ਰਧਾਨ ਮੈਨੇਜਮੈਂਟ ਕਮੇਟੀ ਸਮੇਤ ਹੋਰ ਗ੍ਰਾਮ ਪੰਚਾਇਤ ਮੈਂਬਰ, ਪਿੰਡ ਵਾਸੀ, ਸਕੂਲ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ | ਇਸ ਮੌਕੇ ਪਿ੍ੰਸੀਪਲ ਗੁਰਵਿੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਾਠ ਦਾ ਮਕਸਦ ਬੱਚਿਆਂ ਵਿੱਚ ਚੰਗੀਆਂ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਹੈ | ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਨਾਲ-ਨਾਲ ਨੈਤਿਕ ਅਤੇ ਅਧਿਆਤਮਿਕ ਮੂਲਿਆਂ ਨੂੰ ਵੀ ਮਹੱਤਵ ਦਿੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਬਾਗ ਦੇ ਮਾਲੀ ਵਾਂਗ ਹਾਂ ਅਤੇ ਬੱਚਿਆਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ ਹੈ | ਸਮਾਗਮ ਦੇ ਅੰਤ ਵਿੱਚ ਸਭ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਹਾਜ਼ਰੀਨਾਂ ਨੇ ਨਵੇਂ ਸੈਸ਼ਨ ਲਈ ਚੰਗੀਆਂ ਕਾਮਨਾਵਾਂ ਪ੍ਰਗਟ ਕੀਤੀਆਂ |