ਮਾਲੇਰਕੋਟਲਾ, 1 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਦੇ ਅੰਦਰ ਟਰੈਫ਼ਿਕ ਦੀ ਬੇਹੱਦ ਗੰਭੀਰ ਹੋ ਚੁੱਕੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਮਲੇਰਕੋਟਲਾ ਸ਼ਹਿਰ ਦੇ ਇਕ ਪਾਸੇ ਦੀ 4 ਮੁੱਖ ਮਾਰਗਾਂ ਖੰਨਾ, ਪਟਿਆਲਾ, ਸੰਗਰੂਰ ਤੇ ਬਰਨਾਲਾ ਨੂੰ ਆਪਸ ਵਿਚ ਜੋੜਦੇ ਬਾਈਪਾਸ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਆਗੂਆਂ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਚੇਅਰਮੈਨ ਡਾਕਟਰ ਪਰਮਜੀਤ ਸਿੰਘ ਗੁਆਰਾ ਨੇ ਆਖਿਆ ਕਿ ਵਿਧਾਇਕ ਪ੍ਰੋ. ਗੱਜਣਮਾਜਰਾ ਦੀ ਬਦੌਲਤ ਸਰਕਾਰ ਵਲੋਂ ਬਾਈਪਾਸ ਦੇ ਨਿਰਮਾਣ ਨਾਲ ਕਈ ਜ਼ਿਲਿ੍ਹਆਂ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ | ਕਿਉਂਕਿ ਮਲੇਰਕੋਟਲਾ ਸ਼ਹਿਰ ਦੇ ਅੰਦਰ ਟਰੈਫ਼ਿਕ ਦੀ ਸਮੱਸਿਆ ਇੱਕ ਵੱਡਾ ਮਸਲਾ ਹੈ ਜਿਸ ਦਾ ਇੱਕੋ-ਇੱਕ ਹੱਲ ਬਾਈਪਾਸ ਦਾ ਨਿਰਮਾਣ ਹੈ | ਆਗੂਆਂ ਨੇ ਹਲਕਾ ਵਿਧਾਇਕ ਪ੍ਰੋ. ਗੱਜਣਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕ ਮਲੇਰਕੋਟਲਾ ਵਿਖੇ ਹਰ ਰੋਜ਼ ਲੱਗ ਰਹੇ ਜਾਮ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ | ਆਮ ਲੋਕਾਂ ਨੂੰ ਘੰਟਿਆਂ ਬੱਧੀ ਜਾਮ ਦੇ ਵਿਚ ਫਸਣ ਕਰਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਜ਼ਿਲ੍ਹਾ ਮਲੇਰਕੋਟਲਾ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਜੇਕਰ ਮਾਲੇਰਕੋਟਲਾ ਤੋਂ ਖੰਨਾ ਨੂੰ ਜਾਂਦੀ ਮੁੱਖ ਸੜਕ 'ਤੇ ਪੈਂਦੇ ਪਿੰਡ ਰਾਣਵਾਂ ਡਰੇਨ ਦੇ ਪੁੱਲ ਤੋਂ ਬਾਈਪਾਸ ਸ਼ੁਰੂ ਕਰ ਕੇ ਡਰੇਨ ਦੀ ਪਟੜੀ ਨੂੰ ਸੜਕ ਦਾ ਰੂਪ ਦਿੰਦਿਆਂ ਪਿੰਡ ਆਦਮਪਾਲ ਵਿਚ ਦੀ ਲੰਘਦੇ ਬਰਨਾਲਾ ਮਾਰਗ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਇਸ ਬਾਈਪਾਸ ਬਣਨ ਦੇ ਨਾਲ ਸ਼ਹਿਰ ਮਲੇਰਕੋਟਲਾ ਦੀ ਟਰੈਫ਼ਿਕ ਸਮੱਸਿਆ ਦਾ ਹੱਲ ਹੋ ਸਕਦਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਇਹ ਜ਼ਿਲ੍ਹੇ ਤੋਂ ਇਲਾਵਾ ਇਲਾਕੇ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਭਰੀ ਗੱਲ ਹੋਵੇਗੀ | ਹਲਕਾ ਵਿਧਾਇਕ ਨੇ ਆਖਿਆ ਕਿ ਉਨ੍ਹਾਂ ਵਲੋਂ ਕਰੀਬ 5 ਕਰੋੜ 60 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮਹਾਂ ਪ੍ਰੋਜੈਕਟ ਨੂੰ ਪਾਸ ਕਰਵਾ ਕੇ ਬਾਈਪਾਸ ਦੇ ਨਿਰਮਾਣ ਦਾ ਨੀਂਹ ਪੱਥਰ ਰੱਖ ਦਿੱਤਾ ਹੈ | ਪ੍ਰੋ. ਗੱਜਣਮਾਜਰਾ ਨੇ ਦੱਸਿਆ ਕਿ ਕਰੀਬ 6 ਕਿੱਲੋਮੀਟਰ ਲੰਬੇ ਇਸ ਬਾਈਪਾਸ ਦੇ ਨਿਰਮਾਣ ਤੋਂ ਬਾਅਦ ਹੋਰਨਾ ਸ਼ਹਿਰਾਂ ਨੂੰ ਜਾਣ ਵਾਲੇ ਵਾਹਨ ਸ਼ਹਿਰ ਦੇ ਬਾਹਰ ਦੀ ਗੁਜਰ ਜਾਇਆ ਕਰਨਗੇ ਇਸ ਨਾਲ ਟਰੈਫ਼ਿਕ ਸਮੱਸਿਆ ਦਾ ਹੱਲ ਹੋਵੇਗਾ |