ਸੰਗਰੂਰ, 1 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ, ਜ਼ਿਲ੍ਹਾ ਸਕੱਤਰ ਮਨਦੀਪ ਕੁਮਾਰੀ, ਕੈਸ਼ੀਅਰ ਹਰਪ੍ਰੀਤ ਕੌਰ ਛਾਜਲੀ ਦੀ ਅਗਵਾਈ ਹੇਠ ਆਂਗਣਵਾੜੀ ਸੈਂਟਰਾਂ ਵਿੱਚ ਬਲੈਕ ਡੇਅ ਮਨਾਇਆ ਗਿਆ | ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਨਵੇਂ ਲੇਬਰ ਕੋਡ ਖ਼ਿਲਾਫ਼ ਦੇਸ਼ ਭਰ ਵਿੱਚ ਟਰੇਡ ਯੂਨੀਅਨਾਂ ਵੱਲੋਂ ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਸੰਗਰੂਰ ਵਿੱਚ ਵੀ ਵੱਖ-ਵੱਖ ਕੇਂਦਰਾਂ ਵਿੱਚ ਬਲੈਕ ਡੇਅ ਮਨਾਇਆ ਗਿਆ | ਜ਼ਿਲੇ੍ਹ ਭਰ ਦੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕਾਲੀਆਂ ਪੱਟੀਆਂ ਬੰਨ੍ਹਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਚਾਰ ਨਵੇਂ ਕਿਰਤ ਕਾਨੂੰਨ (ਲੇਬਰ ਕੋਡਜ਼) ਨਾਲ ਮਜ਼ਦੂਰਾਂ ਦੀ ਸਥਿਤੀ ਸੁਧਾਰਨ ਦੀ ਬਜਾਇ ਉਨ੍ਹਾਂ ਨੂੰ ਪੁਰਾਣੇ ਦੌਰ ਦੀ ਗ਼ੁਲਾਮੀ ਵੱਲ ਧੱਕਦਿਆਂ ਉਨ੍ਹਾਂ ਸ਼ੋਸ਼ਣ ਕੀਤੇ ਜਾਣ ਦੀ ਤਿਆਰੀ ਹੈ | ਉਨ੍ਹਾਂ ਕਿਹਾ ਕਿ ਉਪਰੋਕਤ ਕਾਨੂੰਨਾਂ ਨਾਲ ਮਿਹਨਤ ਦਾ ਮੁੱਲ ਘਟੇਗਾ ਸਗੋਂ ਉਨ੍ਹਾਂ ਦੇ ਇੱਕਜੁੱਟ ਹੋਣ ਅਤੇ ਮੰਗਾ ਨੂੰ ਰੱਖਣ ਦੀ ਤਾਕਤ ਵੀ ਕਮਜ਼ੋਰ ਹੋਵੇਗੀ | ਕੇਂਦਰ ਸਰਕਾਰ ਤੋਂ ਚਾਰੇ ਲੇਬਰ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਵਰਕਰਾਂ, ਹੈਲਪਰਾਂ ਕਿਰਤੀਆਂ ਨੂੰ ਨਵੇਂ ਕਾਨੂੰਨਾਂ ਖ਼ਿਲਾਫ਼ ਹੋਣ ਦਾ ਸੱਦਾ ਵੀ ਦਿੱਤਾ |