22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਮੈਡੀਕਲ ਕਾਲਜ ''ਮਾਲੇਰਕੋਟਲਾ ਹਾਊਸ'' ਲਈ ਸਿਆਸੀ ਮੁੱਦਾ ਨਹੀਂ ਸਗੋਂ ਸਾਡੇ ਪਰਿਵਾਰ ਦਾ ਸੁਪਨਾ ਹੈ - ਮੁਹੰਮਦ ਮੁਸਤਫ਼ਾ

ਐਂਬੂਲੈਂਸ ਵੈਨ ਦੀਆਂ ਚਾਬੀਆਂ ਪਿੰਡ ਦੇ ਲੋਕਾਂ ਨੂੰ ਸੌਂਪਦੇ ਹੋਏ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ, ਰਜ਼ੀਆ ਸੁਲਤਾਨਾ ਅਤੇ ਉਨ੍ਹਾਂ ਦਾ ਪਰਿਵਾਰ | ਤਸਵੀਰ: ਗੁਰਪ੍ਰੀਤ ਸਿੰਘ ਚੀਮਾ <br/> 02-04-2026
ਸੰਦੌੜ, 1 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ)-ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਮਾਲੇਰਕੋਟਲਾ ਦੀ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਕਿਹਾ ਕਿ ਮਾਲੇਰਕੋਟਲਾ ਵਿਖੇ ਮੈਡੀਕਲ ਕਾਲਜ ਸਥਾਪਿਤ ਕਰਨਾ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ ਸੁਪਨਾ ਸੀ ਅਤੇ ਮੈਡੀਕਲ ਕਾਲਜ ਲਈ ਰਜ਼ੀਆ ਸੁਲਤਾਨਾ ਵਲੋਂ ਪਿਛਲੀ ਕਾਂਗਰਸ ਸਰਕਾਰ ਵੇਲੇ ਸਿਰਤੋੜ ਯਤਨ ਕਰ ਕੇ ਇਸ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਤੋਂ ਪਾਸ ਕਰਵਾਇਆ ਸੀ | ਮੁਹੰਮਦ ਮੁਸਤਫ਼ਾ ਅਤੇ ਬੀਬਾ ਨਿਸ਼ਾਤ ਅਖ਼ਤਰ ਨੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਬੋਲਦਿਆਂ ਕਿਹਾ ਮੌਜੂਦਾ ਆਪ ਸਰਕਾਰ ਮੈਡੀਕਲ ਕਾਲਜ ਨੂੰ ਲੈ ਕੇ ਹਲਕੇ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਮੈਡੀਕਲ ਕਾਲਜ ਰਜ਼ੀਆ ਸੁਲਤਾਨਾ ਅਤੇ ਮਾਲੇਰਕੋਟਲਾ ਹਾਊਸ ਦਾ 25 ਸਾਲ ਪੁਰਾਣਾ ਸੁਪਨਾ ਸੀ | 2006 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਲਈ ਮੈਡੀਕਲ ਕਾਲਜ ਦੇਣ ਦਾ ਸਾਡੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਪਰ ਉਸ ਤੋਂ ਬਾਅਦ 10 ਸਾਲ ਅਕਾਲੀ ਦਲ ਦੀ ਸਰਕਾਰ ਹੋਣ ਕਰ ਕੇ ਇਹ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ | 2017 ਵਿਚ ਮੁੜ ਕਾਂਗਰਸ ਸਰਕਾਰ ਆਉਣ ਤੇ ਤਤਕਾਲੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਸਿਰਤੋੜ ਯਤਨ ਕਰ ਕੇ ਇਸ ਸੁਪਨਮਈ ਪ੍ਰੋਜੈਕਟ ਨੂੰ ਪਾਸ ਕਰਵਾਇਆ ਸੀ ਅਤੇ ਬਕਾਇਦਾ ਮੈਡੀਕਲ ਕਾਲਜ ਨੂੰ ਸ਼ੁਰੂ ਕਰਨ ਲਈ ਗਰਾਂਟ ਵਿਚ ਜਾਰੀ ਕਰਵਾਈ ਸੀ ਪਰ 2022 ਦੁਬਾਰਾ ਸਰਕਾਰ ਬਦਲ ਜਾਣ ਤੇ ਇਸ ਪ੍ਰੋਜੈਕਟ ਨੂੰ ਮੁੜ ਬਰੇਕਾਂ ਲੱਗ ਗਈਆਂ | ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਮੈਡੀਕਲ ਕਾਲਜ ਮਲੇਰਕੋਟਲਾ ਹਾਊਸ ਲਈ ਕੋਈ ਸਿਆਸੀ ਮੁੱਦਾ ਨਹੀਂ ਹੈ ਸਗੋਂ ਇਹ ਮੁੱਦਾ ਸਾਡੇ ਜਜਬਾਤਾਂ ਨਾਲ ਜੁੜਿਆ ਹੋਇਆ ਹੈ, ਇਸ ਵੱਡੇ ਪ੍ਰੋਜੈਕਟ ਨੂੰ ਬਣਾਉਣਾ ਹੀ ਇਕ ਨੇਕ ਅਤੇ ਲੋਕ ਭਲਾਈ ਦਾ ਕਾਰਜ ਹੈ |ਬੀਬਾ ਨਿਸ਼ਾਤ ਅਖ਼ਤਰ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਚਾਰ ਸਾਲਾਂ ਵਿਚ ਮੌਜੂਦਾ ਆਪ ਸਰਕਾਰ ਤੋਂ ਮੈਡੀਕਲ ਕਾਲਜ ਦੀ ਇਕ ਇੱਟ ਤੱਕ ਨਹੀਂ ਲੱਗੀ |ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਕਾਂਗਰਸ ਸਰਕਾਰ ਆਉਣ ਤੇ ਮਲੇਰਕੋਟਲਾ ਅੰਦਰ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਨੂੰ ਤਰਜੀਹ ਤੇ ਅਧਾਰ ਤੇ ਮੁਕੰਮਲ ਕਰ ਕੇ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ |ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦਾ ਮਲੇਰਕੋਟਲਾ ਹਲਕੇ ਵਿਚ ਬਣਨ ਨਾਲ ਗਰੀਬ ਲੋਕਾਂ ਨੂੰ ਮਹਿੰਗੇ ਹਸਪਤਾਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਲੋਕਾਂ ਨੂੰ ਇਲਾਜ ਲਈ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਪਵੇਗੀ | ਇਸ ਤੋਂ ਪਹਿਲਾਂ ਪਿੰਡ ਹਥਨ ਵਿਖੇ ਮੁਹੰਮਦ ਮੁਸਤਫ਼ਾ, ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਮਰਹੂਮ ਆਕਿਲ ਅਖ਼ਤਰ ਦੀ ਪਤਨੀ ਬੀਬਾ ਜੈਨਬ ਅਖ਼ਤਰ, ਉਨ੍ਹਾਂ ਦੇ ਬੇਟਾ ਅਜਲਾਨ ਅਖ਼ਤਰ, ਬੇਟੀ ਸਾਰਾ ਅਖ਼ਤਰ ਨੇ ਮਰੂਹਮ ਆਕਿਲ ਅਖ਼ਤਰ ਦੀ ਯਾਦ ਵਿਚ ਪਿੰਡ ਦੇ ਲੋਕਾਂ ਦੀ ਸਿਹਤ ਸਹੂਲਤ ਅਤੇ ਐਮਰਜੈਂਸੀ ਹਾਲਤ ਵਿਚ ਮਰੀਜ਼ ਲਿਜਾਉਣ ਵਾਸਤੇ ਇਕ ਐਂਬੂਲੈਂਸ ਵੈਨ ਪਿੰਡ ਦੇ ਲੋਕਾਂ ਦੇ ਹਵਾਲੇ ਕੀਤੀ | ਇਸ ਮੌਕੇ ਕਾਂਗਰਸ ਦੇ ਕਿਸਾਨ ਸੈਲ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਭੂਦਨ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਝੁਨੇਰ, ਸੁੱਖਾ ਧਾਲੀਵਾਲ ਦਸੌਧਾ ਸਿੰਘ ਵਾਲਾ, ਡਾ. ਬਲਦੀਪ ਸਿੰਘ, ਮੁੱਖ ਬੁਲਾਰਾ ਮੁਹੰਮਦ ਅਨਵਾਰ ਮਹਿਬੂਬ, ਮੇਜਰ ਸਿੰਘ ਬੁਰਜ, ਚਮਕੌਰ ਸਿੰਘ ਕਨਵੀਨਰ, ਗੁਰਬਾਜ ਸਿੰਘ, ਰਘਵੀਰ ਸਿੰਘ, ਮੁਹੰਮਦ ਕਾਸਿਮ, ਰਣਜੀਤ ਸਿੰਘ, ਸੁਖਪਾਲ ਕੌਰ, ਮਿੰਟੂ ਸਿੰਘ, ਦਰਬਾਰਾ ਸਿੰਘ ਪੀ.ਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਬੀਰ ਸਣੇ ਸੀਨੀਅਰ ਅਕਾਲੀ ਲੀਡਰਸ਼ਿਪ ਦਾ ਮਲੇਰਕੋਟਲਾ ਪਹੁੰਚਣ 'ਤੇ ਹੋਇਆ 'ਸ਼ਾਹੀ ਸਵਾਗਤ' ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੇ ਅਧਿਆਪਕਾਂ ਤੇ ਦਫ਼ਤਰੀ ਕਰਮਚਾਰੀ ਦੀ ਰਿਟਾਇਰਮੈਂਟ 'ਤੇ ਵਿਦਾਇਗੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।