ਮਲੇਰਕੋਟਲਾ, 1 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਅਕਾਲੀ ਲੀਡਰਸ਼ਿਪ ਦਾ ਮਲੇਰਕੋਟਲਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਉਹ ਮਲੇਰਕੋਟਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੇ ਇੱਕ ਪਰਿਵਾਰਕ ਸਮਾਗਮ ਵਿੱਚ ਪਹੁੰਚੇ ਸਨ | ਸੁਖਬੀਰ ਸਿੰਘ ਬਾਦਲ ਦੇ ਨਾਲ ਪਾਰਟੀ ਦੇ ਸਕੱਤਰ ਜਨਰਲ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਅਰਸ਼ਦੀਪ ਸਿੰਘ ਕਲੇਰ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖ਼ੁਰਦ, ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਪਰਮਬੰਸ ਸਿੰਘ ਬੰਟੀ ਰੋਮਾਣਾ, ਸ੍ਰੀ ਅਰਵਿੰਦ ਖੰਨਾ, ਹਲਕਾ ਅਮਰਗੜ੍ਹ ਤੋਂ ਜਸਵੀਰ ਸਿੰਘ ਜੱਸੀ ਮੰਨਵੀਂ, ਸਤਬੀਰ ਸਿੰਘ ਸੀਰਾ ਬਨਭੌਰਾ ਤੇ ਭੀਮ ਵੜੈਚ ਸਮੇਤ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਨੇ ਸਮਾਗਮ 'ਚ ਹਾਜ਼ਰੀ ਲਗਵਾਈ | ਸਮਾਗਮ ਦੌਰਾਨ ਦੌਰਾਨ ਸੁਖਬੀਰ ਬਾਦਲ ਨੇ ਮਜ਼ਾਕੀਆ ਅੰਦਾਜ਼ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਆਖਿਆ ਕਿ ਉਨ੍ਹਾਂ ਨੇ ਵਿਆਹ ਦੀ ਥਾਂ ਰੈਲੀ ਹੀ ਕਰ ਦਿੱਤੀ, ਏਨੀ ਭੀੜ ਤਾਂ ਰੈਲੀਆਂ ਵਿਚ ਹੁੰਦੀ ਹੈ ਤਾਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਆਖਿਆ ਕਿ ਜਦ ਮਲੇਰਕੋਟਲਾ ਹਲਕੇ ਵਿਚ ਪਾਰਟੀ ਵੱਲੋਂ ਸਿਆਸੀ ਰੈਲੀ ਕੀਤੀ ਜਾਵੇਗੀ ਤਾਂ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਾਣਗੇ | ਸਿਆਸੀ ਮਾਹਿਰਾਂ ਵੱਲੋਂ ਸੁਖਬੀਰ ਬਾਦਲ ਸਣੇ ਅਕਾਲੀ ਲੀਡਰਸ਼ਿਪ ਦੇ ਮਲੇਰਕੋਟਲਾ ਪਹੁੰਚਣ ਨੂੰ ਸਿਆਸਤ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ | ਉਨ੍ਹਾਂ ਦਾ ਮੰਨਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਵੱਲੋਂ ਮਲੇਰਕੋਟਲਾ ਤੋਂ ਬੀਬਾ ਸੁਲੇਮਾਨ ਦੇ ਉਮੀਦਵਾਰ ਹੋਣ ਦੀ ਸੰਭਾਵਨਾ ਪੱਕੀ ਹੈ | ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਤੋਂ ਸੀਨੀਅਰ ਅਕਾਲੀ ਲੀਡਰਸ਼ਿਪ ਵੀ ਹਾਜ਼ਰ ਸੀ |