02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਲਈ ਜਾਗਰੂਕ ਕਰਨ ਵਾਸਤੇ ਪੀਏਯੂ ਕਿ੍ਸ਼ੀ ਵਿਗਿਆਨ ਕੇਂਦਰ ਸੰਗਰੂਰ ਵਲੋਂ ਲਗਾਏ ਕੈਂਪ ਵਿਚ ਸ਼ਾਮਿਲ ਹੋਏ ਕਿਸਾਨ | ਤਸਵੀਰ: ਮੁਕੇਸ਼ ਕੁਮਾਰ <br/> 29-01-2026
ਸੰਗਰੂਰ, 28 ਜਨਵਰੀ (ਧੀਰਜ ਪਸੌਰੀਆ) - ਪੂਰੇ ਦੇਸ਼ ਵਿਚ 100 ਜ਼ਿਲਿ੍ਹਆਂ ਵਿਚ ਯੂਰੀਆ ਖਾਦ ਦੀ ਵਰਤੋਂ ਬਾਰੇ ਕਰਵਾਏ ਸਰਵੇਖਣ ਵਿਚ ਜ਼ਿਲ੍ਹਾ ਸੰਗਰੂਰ ਦੇ ਮੋਹਰੀ ਆਉਣ ਤੋਂ ਬਾਅਦ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਵਿਖੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਇੱਕ-ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਪਿੰਡਾਂ ਦੇ 30 ਕਿਸਾਨਾਂ ਨੇ ਭਾਗ ਲਿਆ | ਇਸ ਜਾਗਰੂਕਤਾ ਕੈਂਪ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਖਾਦਾਂ ਦੀ ਬੇਲੋੜੀ ਜਾਂ ਲੋੜ ਤੋਂ ਜ਼ਿਆਦਾ ਵਰਤੋਂ ਫ਼ਸਲ ਦੇ ਝਾੜ ਉੱਤੇ ਮਾੜਾ ਅਸਰ ਪਾਉਂਦੀ ਹੈ ਅਤੇ ਫ਼ਸਲ ਉੱਤੇ ਕੀੜੇ-ਮਕੋੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ | ਉਨ੍ਹਾਂ ਕਿਹਾ ਕਿ ਖਾਦਾਂ ਦੀ ਬੇਲੋੜੀ ਵਰਤੋਂ ਵਾਤਾਵਰਣ ਅਤੇ ਮਿੱਟੀ ਦੀ ਸਿਹਤ ਉੱਤੇ ਵੀ ਮਾੜਾ ਅਸਰ ਪਾਉਂਦੀ ਹੈ ਅਤੇ ਖੇਤੀ ਖ਼ਰਚਿਆਂ ਵਿਚ ਵੀ ਵਾਧਾ ਹੁੰਦਾ ਹੈ | ਉਨ੍ਹਾਂ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ 'ਤੇ ਹੀ ਖਾਦਾਂ ਪਾਉਣ ਦੀ ਅਪੀਲ ਕੀਤੀ | ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨ ਵੀਰਾਂ ਨੂੰ ਕਣਕ ਵਿਚ ਖਾਦਾਂ ਦੀ ਸਹੀ ਮਾਤਰਾ ਅਤੇ ਖਾਦਾਂ ਪਾਉਣ ਦੇ ਸਹੀ ਸਮੇਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਅਗਾਂਹਵਧੂ ਜੈਵਿਕ ਖੇਤੀ ਕਿਸਾਨ ਸ. ਇਕਬਾਲ ਸਿੰਘ, ਪਿੰਡ ਡਸਕਾ ਨੇ ਕਿਸਾਨਾਂ ਨਾਲ ਆਪਣੇ ਜੈਵਿਕ ਖੇਤੀ ਦੇ ਤਜਰਬੇ ਸਾਂਝੇ ਕੀਤੇ ਅਤੇ ਜੈਵਿਕ ਖੇਤੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਅਤੇ ਸੰਜਮ ਨਾਲ ਵਰਤਣ ਦੀ ਅਪੀਲ ਵੀ ਕੀਤੀ | ਸ. ਮੱਖਣ ਸਿੰਘ, ਪਿੰਡ ਕੈਂਪਰ ਨੇ ਵੀ ਫ਼ਸਲ ਦੀ ਲੋੜ ਅਨੁਸਾਰ ਯੂਰੀਆ ਅਤੇ ਡੀ.ਏ.ਪੀ. ਖਾਦ ਪਾਉਣ ਅਤੇ ਕਣਕ ਉੱਤੇ ਯੂਰੀਆ ਖਾਦ ਦੇ ਛਿੜਕਾਅ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ |

ਪਿਛਲੀ ਖ਼ਬਰ ਸਲਾਈਟ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ <br/> ਅਗਲੀ ਖ਼ਬਰ ਅਰਵਿੰਦ ਖੰਨਾ ਨੂੰ ਸਨਮਾਨਿਤ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।