ਅਮਰਗੜ੍ਹ, 22 ਜਨਵਰੀ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਨੇੜਲੇ ਪਿੰਡ ਮੂਲਾਬੱਧਾ ਦੇ ਇਕ ਪਰਿਵਾਰ ਨਾਲ ਉਸ ਵੇਲੇ ਬੇਹੱਦ ਦੁਖਦਾਈ ਭਾਣਾ ਵਾਪਰ ਗਿਆ, ਜਦੋਂ ਇਕ ਸੜਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ | ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਵਾਸੀ ਮੂਲਾਬੱਧਾ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਅੰਮਿ੍ਤ ਸਿੰਘ ਆਪਣੇ ਭਰਾ ਗੁਰਪਾਲ ਸਿੰਘ ਨੂੰ ਲੈਣ ਲਈ ਕਾਰ ਰਾਹੀਂ ਜਾ ਰਿਹਾ ਸੀ, ਜੋ ਕਿ ਸਪੇਨ ਤੋਂ ਵਾਪਸ ਆ ਰਿਹਾ ਸੀ | ਕਾਰ 'ਚ ਅੰਮਿ੍ਤ ਸਿੰਘ ਦੇ ਨਾਲ ਉਸ ਦੀ ਪਤਨੀ ਅਮਨਦੀਪ ਕੌਰ, ਮਾਸੂਮ ਧੀ ਅਰਜੋਈ, ਭਾਬੀ ਰਮਨਦੀਪ ਕੌਰ ਅਤੇ ਭਤੀਜੀ ਅਵਨੀਤ ਕੌਰ ਵੀ ਸਵਾਰ ਸਨ | ਜਦੋਂ ਉਹ ਨਾਭਾ ਰੋਡ 'ਤੇ ਬੀੜ ਨੇੜੇ ਪਿੰਡ ਸਾਲੂਵਾਲ ਕੋਲ ਪਹੁੰਚੇ ਤਾਂ ਅਚਾਨਕ ਸਾਹਮਣਿਓਾ ਆ ਰਹੀ ਇੱਕ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ 'ਚ ਅੰਮਿ੍ਤ ਸਿੰਘ ਦੀ ਪਤਨੀ ਅਮਨਦੀਪ ਕੌਰ ਅਤੇ ਉਨ੍ਹਾਂ ਦੀ ਮਹਿਜ਼ ਤਿੰਨ ਮਹੀਨਿਆਂ ਦੀ ਬੱਚੀ ਅਰਜੋਈ ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਉਸ ਦੀ ਭਾਬੀ ਰਮਨਦੀਪ ਕੌਰ ਅਤੇ ਭਤੀਜੀ ਅਵਨੀਤ ਕੌਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ |