29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਭਾਕਿਯੂ ਏਕਤਾ ਉਗਰਾਹਾਂ ਨੇ ਮਜ਼ਦੂਰ ਦੇ ਘਰ ਦੀ ਨਹੀਂ ਹੋਣ ਦਿੱਤੀ ਕੁਰਕੀ <br/>

ਅਜੀਤ ਡੈਸਕ 23-01-2026
ਖਨੌਰੀ, 22 ਜਨਵਰੀ (ਬਲਵਿੰਦਰ ਸਿੰਘ ਥਿੰਦ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਖਨੌਰੀ ਸ਼ਹਿਰ ਦੇ ਗ਼ਰੀਬ ਮਜ਼ਦੂਰ ਦੇ ਘਰ ਦੀ ਬੈਂਕ ਵਲੋਂ ਲਿਆਂਦੀ ਕੁਰਕੀ ਦੇ ਵਿਰੋਧ 'ਚ ਅੱਜ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨਾਂ ਅਤੇ ਮਜ਼ਦੂਰਾਂ ਦੇ ਇਸ ਵਿਰੋਧ ਨੂੰ ਦੇਖਦਿਆਂ ਹੋਇਆਂ ਬੈਂਕ ਅਧਿਕਾਰੀ ਘਰ ਦੀ ਕੁਰਕੀ ਨਾ ਕਰ ਸਕੇ ਅਤੇ ਘਰ ਦੀ ਬਗੈਰ ਕੁਰਕੀ ਕੀਤਿਆਂ ਹੀ ਬੇਰੰਗ ਵਾਪਸ ਪਰਤ ਗਏ | ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਅਤੇ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਨੇ ਦੱਸਿਆ ਕਿ ਖਨੌਰੀ ਸ਼ਹਿਰ ਦੇ ਵਸਨੀਕ ਸਤਵੀਰ ਸਿੰਘ ਨੇ ਸਟੇਟ ਬੈਂਕ ਆਫ਼ ਇੰਡੀਆ ਤੋਂ ਸੰਨ 2014 ਵਿਚ ਆਪਣੇ ਮਕਾਨ 'ਤੇ ਪੰਜ ਲੱਖ ਰੁਪਏ ਦਾ ਕਰਜ਼ਾ ਲਿਆ ਸੀ | ਜਿਸ ਦਾ ਪੰਜ ਲੱਖ ਪੱਚੀ ਹਜ਼ਾਰ ਰੁਪਏ (525000) ਕਰਜ਼ਾ ਮੋੜ ਦਿੱਤਾ ਸੀ ਪਰ ਬੈਂਕ ਨੇ ਚਾਰ ਲੱਖ ਤੋਂ ਵੱਧ ਕਰਜ਼ਾ ਹੋਰ ਸਤਵੀਰ ਸਿੰਘ ਵੱਲ ਕੱਢ ਦਿੱਤਾ | ਸੰਨ 2019 ਵਿਚ ਕਰੋਨਾਂ ਮਹਾਂਮਾਰੀ ਕਾਰਨ ਸਤਵੀਰ ਸਿੰਘ, ਜੋ ਬੂਟ ਚੱਪਲਾਂ ਵੇਚਣ ਦਾ ਕੰਮ ਕਰਦਾ ਸੀ, ਉਹ ਕੰਮ ਬੰਦ ਹੋ ਗਿਆ | ਜਿਸ ਕਾਰਨ ਉਹ ਬੈਂਕ ਦੀਆਂ ਕਿਸ਼ਤਾਂ ਨਹੀਂ ਭਰ ਸਕਿਆ | ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਕੋਰੋਨਾ ਮਹਾਂਮਾਰੀ ਦੌਰਾਨ ਇਹ ਕਹਿ ਕੇ ਮਾਫ਼ ਕਰ ਦਿੱਤੇ ਸਨ ਕਿ ਇਹਨਾਂ ਦੇ ਕਾਰਖ਼ਾਨੇ ਬੰਦ ਹੋਣ ਕਾਰਨ ਇਹ ਕਰਜ਼ਾ ਨਹੀਂ ਮੋੜ ਸਕਦੇ | ਜਿਸ ਕਾਰਨ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵੀਹ ਹਜ਼ਾਰ ਕਰੋੜ ਰੁਪਏ ਮੁਆਫ਼ ਕਰ ਦਿੱਤਾ ਤੇ ਦੂਜੇ ਪਾਸੇ ਗ਼ਰੀਬ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਉਲਟਾ ਜਿੰਨਾ ਕਰਜ਼ਾ ਲਿਆ ਸੀ | ਉਸ ਦਾ ਚਾਰ ਗੁਣਾ ਵੱਧ ਭਰਵਾਇਆ ਜਾ ਰਿਹਾ ਹੈ | ਇੱਥੇ ਹੀ ਬੱਸ ਨਹੀਂ ਬਲਕਿ ਕਰਜ਼ਾ ਮੋੜਨ ਤੋਂ ਅਸਮਰਥ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀ ਨਿਲਾਮੀ ਕਰਵਾਈ ਜਾ ਰਹੀ ਹੈ | ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਕਦੇ ਵੀ ਨਹੀਂ ਹੋਣ ਦੇਵੇਗੀ | ਇਸ ਮੌਕੇ ਇਕਾਈ ਖਨੌਰੀ ਤੋਂ ਪ੍ਰਧਾਨ ਜਗਪਾਲ ਸਿੰਘ ਕਾਲਾ ਬਹਿਣੀਵਾਲ, ਬਲਵਿੰਦਰ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਗੁਰਨੇ, ਨਛੱਤਰ ਸਿੰਘ, ਸਾਬ ਸਿੰਘ, ਗੁਰਧਿਆਨ ਸਿੰਘ, ਪਾਲਾ ਸਿੰਘ, ਕਾਲਾ ਸਿੰਘ, ਬਲਾਕ ਆਗੂ ਬੱਬੂ ਚੱਠਾ, ਬੰਟੀ ਢੀਂਡਸਾ, ਕੁਲਦੀਪ ਗੁਲਾੜੀ, ਰਮੇਸ਼ ਅਣਦਾਣਾ ਤੋਂ ਇਲਾਵਾ ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਸਲੇਮਗੜ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਤੀਰਅੰਦਾਜ਼ੀ 'ਚ ਰਾਸ਼ਟਰੀ ਪੱਧਰ 'ਤੇ ਮੈਡਲ ਜੇਤੂ ਵਿਦਿਆਰਥਣਾਂ ਦਾ ਭਰਵਾਂ ਸਵਾਗਤ <br/> ਅਗਲੀ ਖ਼ਬਰ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਮੰਡਵੀ ਰੋਡ ਵਾਲੀ ਸੜਕ ਦਾ ਕੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।