ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਗਈ ਮੁਹਿੰਮ ਤਹਿਤ ਸਬ-ਡਵੀਜਨ ਪੁਲਿਸ ਸੁਨਾਮ ਊਧਮ ਸਿੰਘ ਵਾਲਾ ਵਲੋਂ 110 ਗ੍ਰਾਮ ਹੈਰੋਇਨ/ਚਿੱਟਾ,150 ਨਸ਼ੀਲੀਆਂ ਗੋਲੀਆਂ ਅਤੇ 144 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ |ਡੀ ਐਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਅਤੇ ਵੱਡੇ ਸਮਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਸਬ-ਡਵੀਜਨ ਸੁਨਾਮ ਦੇ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ, ਲੌਂਗੋਵਾਲ ਅਤੇ ਚੀਮਾ ਦੇ ਇਲਾਕੇ 'ਚ ਨਸ਼ਾ ਤਸਕਰਾਂ ਵਿਰੁੱਧ 15 ਤੋਂ 21 ਜਨਵਰੀ 2026 ਤੱਕ 7 ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ 11 ਦੋਸੀਆਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਕੋਲੋਂ 110 ਗ੍ਰਾਮ ਹੈਰੋਇਨ / ਚਿੱਟਾ, 150 ਨਸ਼ੀਲੀਆਂ ਗੋਲੀਆਂ ਅਤੇ ਆਬਕਾਰੀ ਐਕਟ ਤਹਿਤ 2 ਮੁਕੱਦਮੇ ਦਰਜ ਕਰਕੇ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ 144 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ | ਡੀ.ਐਸ.ਪੀ. ਖਹਿਰਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਉਪਰੰਤ ਸ਼ਨਾਖ਼ਤ ਨੂੰ ਗੁਪਤ ਰੱਖਦੇ ਹੋਏ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣ ਦੇ ਮੰਤਵ ਨਾਲ 2 ਵਿਅਕਤੀਆਂ ਨੂੰ ਸਰਕਾਰ ਵਲੋਂ ਚਲਾਏ ਜਾ ਰਹੇ ਡੀ-ਐਡੀਕੇਸ਼ਨ ਸੈਂਟਰ 'ਚ ਰਜਿਸਟਰੇਸ਼ਨ ਕਰਵਾ ਕੇ ਦਵਾਈ ਦਿਵਾਈ ਗਈ ਹੈ | ਇਸ ਤੋਂ ਇਲਾਵਾ 5 ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 105 ਵਾਹਨਾਂ ਦੇ ਵੱਖ-ਵੱਖ ਨਿਯਮਾਂ ਤਹਿਤ ਟਰੈਫ਼ਿਕ ਚਲਾਨ ਕੀਤੇ ਗਏ ਹਨ |