ਭਵਾਨੀਗੜ੍ਹ, 22 ਜਨਵਰੀ (ਲਖਵਿੰਦਰ ਪਾਲ ਗਰਗ) - ਪਿੰਡ ਆਲੋਅਰਖ ਦੀ ਇਕ ਔਰਤ ਨੂੰ ਆਸਟੇ੍ਰਲੀਆ ਦਾ ਵਰਕ ਵੀਜ਼ਾ ਲਗਵਾਉਣ ਸਬੰਧੀ ਇਕ ਟਰੈਵਲ ਏਜੰਟ ਵਲੋਂ 5 ਲੱਖ ਰੁਪਇਆਂ ਦੀ ਧੋਖਾਧੜੀ ਕਰਨ ਨੂੰ ਲੈ ਕੇ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿ ਗਗਨਦੀਪ ਸਿੰਘ ਪੁੱਤਰ ਹਰਦਿੱਤ ਸਿੰਘ ਵਾਸੀ ਪਿੰਡ ਆਲੋਅਰਖ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਆਸਟੇ੍ਰਲੀਆ ਭੇਜਣਾ ਚਾਹੁੰਦਾ ਸੀ ਜਿਸ ਲਈ ਉਸ ਨੇ ਚੰਡੀਗੜ੍ਹ ਦੇ ਇਕ ਇਮੀਗਰੇਸ਼ਨ ਦੇ ਮਾਲਕ ਸੰਨੀ ਟੰਡਨ ਵਾਸੀ ਲੁਧਿਆਣਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਸਟੇ੍ਰਲੀਆ ਭੇਜਣ ਲਈ ਉਨ੍ਹਾਂ ਕੋਲੋਂ 10 ਲੱਖ ਰੁਪਇਆ ਦੀ ਮੰਗ ਕੀਤੀ, ਜਿਸ ਵਿਚੋਂ 5 ਲੱਖ ਰੁਪਏ ਪਹਿਲਾ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਕੁਝ ਰੁਪਏ ਨਕਦ ਤੇ ਕੁਝ ਰੁਪਏ ਦੱਸੇ ਗਏ ਬੈਂਕ ਖਾਤਿਆਂ 'ਚ ਕੁੱਲ 5 ਲੱਖ ਰੁਪਏ ਪਾ ਦਿੱਤੇ ਸੀ | ਇਮੀਗਰੇਸ਼ਨ ਦੇ ਮਾਲਕ ਵਲੋਂ ਦਿੱਤੇ ਗਏ ਸਮੇਂ 'ਤੇ ਜਦੋਂ ਉਸ ਦੀ ਪਤਨੀ ਦਾ ਅਸਟਰੇਲੀਆ ਦਾ ਵੀਜ਼ਾ ਨਹੀਂ ਲੱਗਿਆ ਤਾਂ ਉਸ ਨੇ ਇਸ ਸਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ | ਫਿਰ ਉਸ ਨੇ ਆਪਣੇ ਦਿੱਤੇ ਹੋਏ 5 ਲੱਖ ਰੁਪਏ ਵਾਪਸ ਕਰਨ ਦੇ ਲਈ ਕਿਹਾ ਤਾਂ ਉਸ ਨੇ 2 ਲੱਖ ਰੁਪਏ ਦੇ ਦੋ ਚੈੱਕ ਦੇ ਦਿੱਤੇ ਪਰ ਜਦੋਂ ਇਹ ਚੈੱਕ ਬੈਂਕ 'ਚ ਲਗਾਏ ਗਏ ਤਾਂ ਇਹ ਦੋਵੇਂ ਚੈੱਕ ਬਾਉਂਸ ਹੋ ਗਏ | ਇਸ ਤੋਂ ਬਾਅਦ ਇਮੀਗਰੇਸ਼ਨ ਦੇ ਮਾਲਕ ਨੇ ਉਸ ਦਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਕੋਲ ਕਰ ਕੇ ਇਨਸਾਫ਼ ਲੈਣ ਲਈ ਗੁਹਾਰ ਲਗਾਈ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜਾਂਚ-ਪੜਤਾਲ ਕਰਨ ਤੋਂ ਬਾਅਦ ਗਗਨਦੀਪ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆ ਹੋਏ ਸੰਨੀ ਟੰਡਨ ਵਾਸੀ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |