ਪਿੰਡ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਵਲੋਂ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਯਾਦਗਾਰੀ ਸਮਾਗਮ
ਮੋਗਾ, 26 ਨਵੰਬਰ (ਸੁਰਿੰਦਰਪਾਲ ਸਿੰਘ)- ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੀ ਜਨਮ ਭੂਮੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਵਿਖੇ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਹ-2026 ਤਹਿਤ ਵਿਸ਼ੇਸ਼ ਸਮਾਗਮ ਕੈਪਟਨ ਗੁਰਦਿੱਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵਲੋਂ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ‘ਚ ਕਰਵਾਏ ਗਏ ਇਸ ਸਮਾਗਮ ਵਿਚ ਲਛਮਣ ਸਿੰਘ ਗਿੱਲ ਦੇ ਸਪੁੱਤਰ ਗੁਰਮੀਤ ਸਿੰਘ ਗਿੱਲ, ਪੁੱਤਰੀਆਂ ਸਤਵੰਤ ਕੌਰ ਤੇ ਕਿਰਨ ਕੌਰ, ਰਿਸ਼ਤੇਦਾਰ ਜਸਪਾਲ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਮੋਗਾ, 26 ਨਵੰਬਰ (ਸੁਰਿੰਦਰਪਾਲ ਸਿੰਘ)- ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੀ ਜਨਮ ਭੂਮੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਵਿਖੇ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਹ-2026 ਤਹਿਤ ਵਿਸ਼ੇਸ਼ ਸਮਾਗਮ ਕੈਪਟਨ ਗੁਰਦਿੱਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵਲੋਂ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ‘ਚ ਕਰਵਾਏ ਗਏ ਇਸ ਸਮਾਗਮ ਵਿਚ ਲਛਮਣ ਸਿੰਘ ਗਿੱਲ ਦੇ ਸਪੁੱਤਰ ਗੁਰਮੀਤ ਸਿੰਘ ਗਿੱਲ, ਪੁੱਤਰੀਆਂ ਸਤਵੰਤ ਕੌਰ ਤੇ ਕਿਰਨ ਕੌਰ, ਰਿਸ਼ਤੇਦਾਰ ਜਸਪਾਲ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਨੇ ਕੀਤੀ। ਗਿੱਲ ਦੀ ਪੰਜਾਬੀ ਭਾਸ਼ਾ ਨੂੰ ਦੇਣ ਸੰਬੰਧੀ ਸਤਿਕਾਰ ਤੇ ਯਾਦ ’ਚ ਕਰਵਾਏ ਗਏ ਸਮਾਗਮ ਮੌਕੇ ਸਿਰਜਣਾ ਆਰਟ ਗਰੁੱਪ ਰਾਏਕੋਟ ਵਲੋਂ ਭਾਸ਼ਾ ਵਹਿੰਦਾ ਦਰਿਆ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਹਰਵਿੰਦਰ ਸਿੰਘ ਰੋਡੇ ਤੇ ਲਖਵਿੰਦਰ ਸਿੰਘ ਦੇ ਕਵੀਸ਼ਰੀ ਜਥੇ ਵਲੋਂ ਗਿੱਲ ਲਛਮਣ ਸਿੰਘ ਨੂੰ ਸਲਾਮ ਲਿਖੀਏ ਤੇ ਮਾਂ ਬੋਲੀ ਪੰਜਾਬੀ ਦਾ ਕਵਿਤਾਵਾਂ ਦਾ ਗਾਇਣ ਕਰ ਕੇ ਕੀਤੀ। ਮਾਸਟਰ ਮਨਦੀਪ ਸਿੰਘ ਨੇ ਪਿੰਡ ਚੂਹੜਚੱਕ ਦੇ ਵਾਸੀਆਂ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਇਸ ਸਮਾਗਮ ਦਾ ਮਕਸਦ ਜਿੱਥੇ ਲਛਮਣ ਸਿੰਘ ਗਿੱਲ ਦੇ ਪੰਜਾਬੀ ਭਾਸ਼ਾ ਲਈ ਕੀਤੇ ਯਾਦਗਾਰੀ ਕਾਜ ਨੂੰ ਸਤਿਕਾਰ ਨਾਲ ਯਾਦ ਕਰਨਾ ਸੀ, ਉੱਥੇ ਮਹਾਨ ਸ਼ਖ਼ਸੀਅਤ ਦੀ ਜਨਮ ਭੂਮੀ ‘ਤੇ ਆ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕਾਰਜ ਕਰਨ ਵਾਸਤੇ ਊਰਜਾ ਪ੍ਰਾਪਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਮਹਾਨ ਯੋਧਿਆਂ, ਦੇਸ਼ ਭਗਤਾਂ ਤੇ ਲਿਖਾਰੀਆਂ ਦੀ ਜਨਮ ਤੇ ਕਰਮ ਭੂਮੀ ‘ਤੇ ਜਾ ਕੇ ਉਨ੍ਹਾਂ ਨੂੰ ਯਾਦ ਕਰਨ ਦਾ ਸਿਲਸਿਲਾ ਚਲਾਇਆ ਗਿਆ ਹੈ, ਜਿਸ ਦਾ ਉਦੇਸ਼ ਉਨ੍ਹਾਂ ਦੇ ਕਾਰਜਾਂ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਾਉਣਾ ਹੈ। ਮੁੱਖ ਵਕਤਾ ਕਾਲਮ ਨਵੀਸ ਡਾ. ਕੁਲਦੀਪ ਸਿੰਘ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਛਮਣ ਸਿੰਘ ਗਿੱਲ ਵਲੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਉਣ ਲਈ ਕੀਤੇ ਗਏ ਕਾਰਜ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਗਿੱਲ ਵਲੋਂ ਉਸ ਸਮੇਂ ਵਿਧਾਨ ਸਭਾ ‘ਚ ਦਿੱਤੇ ਗਏ ਭਾਸ਼ਣ ਦੇ ਅੰਸ਼ ਵੀ ਪੜ੍ਹ ਕੇ ਸੁਣਾਏ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਸਾਡੇ ਮੁਲਕ ‘ਚ ਖੇਤਰੀ ਭਾਵ ਮਾਤ ਭਾਸ਼ਾਵਾਂ ਨੂੰ ਖ਼ਤਮ ਕਰਨ ਲਈ ਅੰਗਰੇਜ਼ੀ ਨੂੰ ਵਿਕਾਸ ਤੇ ਬਾਜ਼ਾਰ ਦੀ ਭਾਸ਼ਾ ਵਜੋਂ ਉਭਾਰਿਆ ਜਾ ਰਿਹਾ ਹੈ। ਜਸਪਾਲ ਸਿੰਘ ਸਿੱਧੂ ਨੇ ਲਛਮਣ ਸਿੰਘ ਗਿੱਲ ਦੇ ਪਰਿਵਾਰ ਵਲੋਂ ਵਿਚਾਰ ਰੱਖੇ। ਸਾਬਕਾ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ ਗਿੱਲ ਦੇ ਜੀਵਨ ਬਾਰੇ ਸ਼ਬਦੀ ਸਾਂਝ ਪਾਈ ਅਤੇ ਗਿੱਲ ਦੇ ਹੱਡੀਂ ਹੰਢਾਏ ਤਜਰਬੇ ਸਾਂਝੇ ਕੀਤੇ। ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਜਟਾਣਾ ਨੇ ਸਮਾਗਮ ‘ਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ’ਚ ਸਿਰਜਣਾ ਆਰਟ ਰਾਏਕੋਟ ਦੀ ਟੀਮ ਨੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ‘ਤੇ ਆਧਾਰਤ ਨਾਟਕ ਭਾਸ਼ਾ ਵਹਿੰਦਾ ਦਰਿਆ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ‘ਚ ਖੇਡਿਆ। ਪੰਜਾਬੀ ਭਾਸ਼ਾ ਦੀ ਅਮੀਰੀ ਤੇ ਅਹਿਮੀਅਤ ਦਰਸਾਉਂਦੇ ਇਸ ਨਾਟਕ ‘ਚ ਮੁੱਖ ਭੂਮਿਕਾ ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਤੇ ਗੁਰਨੂਰ ਸਿੰਘ ਨੇ ਨਿਭਾਈ। ਬੈਕ ਸਟੇਜ ਕਮਲ ਢਿੱਲੋਂ, ਮੋਹੀ ਅਮਰਜੀਤ ਸਿੰਘ, ਪ੍ਰਭਜੋਤ ਸਿੰਘ ਤੇ ਗੁਰਮੀਤ ਹਠੂਰ ਨੇ ਜ਼ਿੰਮੇਵਾਰੀਆਂ ਨਿਭਾਈਆਂ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ। ਸਮਾਗਮ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੇ ਮੇਜ਼ਬਾਨ ਸਕੂਲ ਦੇ ਪ੍ਰਿੰ. ਹਰਪ੍ਰੀਤ ਸਿੰਘ, ਡਾ. ਸੁਰਿੰਦਰਪਾਲ ਸ਼ਰਮਾ ਅਮਰੀਕਾ , ਇਕਵਿੰਦਰ ਸਿੰਘ ਗਿੱਲ ਅਮਰੀਕਾ, ਉੱਘੀ ਸਮਾਜ ਸੇਵਕਾ ਮੈਡਮ ਜੱਸ ਢਿੱਲੋਂ ਅਤੇ ਲਛਮਣ ਸਿੰਘ ਗਿੱਲ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਤੇ ਚਟੋਪਧਾਏ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਜਗਦੀਪ ਸੰਧੂ, ਸਾਬਕਾ ਐਸ.ਡੀ.ਓ. ਨਵਰੂਪ ਸਿੰਘ, ਪਿੰਡ ਦੀ ਪੰਚਾਇਤ, ਹੈੱਡ ਮਾਸਟਰ ਬਿਮਲ ਕੁਮਾਰ, ਨਾਮਵਰ ਲੇਖਕ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਪਰਮਜੀਤ ਸਿੰਘ ਚੂਹੜਚੱਕ, ਸਾਧੂ ਰਾਮ ਲੰਗੇਆਣਾ, ਡਾ. ਸੁਰਜੀਤ ਦੌਧਰ, ਰਣਜੀਤ ਸਿੰਘ ਹਠੂਰ, ਕੇਵਲ ਅਰੋੜਾ, ਮੱਖਣ ਲਾਲ ਗਰਗ, ਭੁਪਿੰਦਰ ਸਿੰਘ ਹੁੰਦਲ ਅਮਰੀਕਾ, ਸਾਹਿਤਕਾਰ ਜਸਵਿੰਦਰ ਛਿੰਦਾ, ਸ਼ਮਸ਼ੇਰ ਸਿੰਘ ਗ਼ਾਲਿਬ, ਕੈਪਟਨ ਪੂਰਨ ਸਿੰਘ ਗਗੜਾ, ਅਜੀਤ ਪਿਆਸਾ, ਰਸ਼ਪਾਲ ਸਿੰਘ ਚੱਕਰ, ਪਰਮਪ੍ਰੀਤ ਸਿੰਘ ਤੇ ਵੱਡੀ ਗਿਣਤੀ ‘ਚ ਪੰਜਾਬੀ ਪ੍ਰੇਮੀ ਹਾਜ਼ਰ ਸਨ।