ਸਮਾਲਸਰ, 29 ਜਨਵਰੀ (ਗੁਰਜੰਟ ਕਲਸੀ ਲੰਡੇ)-ਪਿਛਲੇ ਦਿਨੀਂ 12 ਦਸੰਬਰ ਨੂੰ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਪਿੰਡ ਸੁਖਾਨੰਦ ਵਿਖੇ ਗੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਸਿਕੰਦਰ ਸਿੰਘ ਨੂੰ ਕਤਲ ਕੀਤਾ | ਕਈ ਘਰਾਂ ਦੀ ਭੰਨਤੋੜ ਕੀਤੀ | ਇਕ ਔਰਤ ਦੀ ਬਾਂਹ ਤੋੜੀ | ਪੂਰੇ ਪਿੰਡ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ | ਸਮਾਲਸਰ ਪੁਲਿਸ ਨੇ ਹਾਲੇ ਤੱਕ ਸਾਰੇ ਦੋਸ਼ੀ ਗਿ੍ਫ਼ਤਾਰ ਨਹੀਂ ਕੀਤੇ ਤੇ ਨਾ ਹੀ ਇਸ ਗੈਂਗਵਾਰ ਦੀ ਸਹੀ ਤਫ਼ਤੀਸ਼ ਕੀਤੀ ਹੈ | ਇਸ ਦੇ ਖ਼ਿਲਾਫ਼ ਨੌਜਵਾਨ ਭਾਰਤ ਸਭਾ 2 ਫਰਵਰੀ ਨੂੰ ਥਾਣਾ ਸਮਾਲਸਰ ਦੇ ਖ਼ਿਲਾਫ਼ ਧਰਨਾ ਲਾਵੇਗੀ ਜਿਸ ਦੀ ਤਿਆਰੀ ਸਬੰਧੀ ਅੱਜ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਮੀਟਿੰਗ ਕੀਤੀ | ਮੀਟਿੰਗ ਨੂੰ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੰਦੀਪ ਸਿੰਘ ਠੱਠੀ ਭਾਈ, ਬਲਜੀਤ ਸਿੰਘ, ਕੇਵਲ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਸੁਖਾਨੰਦ ਵਿਖੇ ਇਹ ਕੋਈ ਸਾਧਾਰਨ ਲੜਾਈ ਨਹੀਂ ਬਲਕਿ ਗੈਂਗਵਾਰ ਹੋਈ ਹੈ | ਸਰਕਾਰ ਕਹਿ ਰਹੀ ਹੈ ਕਿ ਗੈਂਗਸਟਰਾਂ ਨੂੰ ਨੱਥ ਪਾ ਰਹੇ ਹਾਂ ਪਰ ਅੰਮਿ੍ਤਪਾਲ ਸਿੰਘ ਸੁਖਾਨੰਦ ਸ਼ਰੇਆਮ ਗੁੰਡਿਆਂ ਦਾ ਸਾਥ ਦੇ ਰਿਹਾ ਹੈ ਪਰ ਸੁਖਾਨੰਦ ਕਤਲ ਕਾਂਡ ਦਾ ਪਿੰਡ ਚੀਦੇ ਦਾ ਮੁੱਖ ਸਰਗਨਾ ਕਾਬੂ ਨਹੀਂ ਕੀਤਾ ਜਾ ਰਿਹਾ | ਪੁਲਿਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ | ਅਸਲ ਵਿਚ ਸਰਕਾਰ ਗੈਂਗਸਟਰਾਂ ਨੂੰ ਖ਼ਤਮ ਕਰਨ ਦੇ ਨਾਂਅ 'ਤੇ ਪੁਲਿਸ ਨੂੰ ਵਾਧੂ ਖੁੱਲ੍ਹ ਦੇ ਕੇ ਬੇਕਸੂਰਾਂ ਨੂੰ ਮਾਰਨਾ ਚਾਹੁੰਦੀ ਹੈ | ਆਮ ਆਦਮੀ ਪਾਰਟੀ ਨੇ ਖ਼ੁਦ ਗੁੰਡੇ ਪਾਲੇ ਹੋਏ ਹਨ ਜੋ ਕਤਲ ਕਰਨ ਤੋਂ ਬਾਅਦ ਬੇਬਾਕ ਘੁੰਮ ਰਹੇ ਹਨ | ਉਨ੍ਹਾਂ ਕਿਹਾ 2 ਫਰਵਰੀ ਨੂੰ ਵੱਡੀ ਗਿਣਤੀ ਨੌਜਵਾਨ ਸਮਾਲਸਰ ਥਾਣੇ ਅੱਗੇ ਧਰਨੇ ਵਿਚ ਸ਼ਾਮਿਲ ਹੋਣਗੇ |