ਫ਼ਤਿਹਗੜ੍ਹ ਪੰਜਤੂਰ, 29 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਦਰਿਆ ਸਤਲੁਜ ਦੇ ਅੰਦਰ ਪਿਛਲੇ ਸਾਲ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ | ਇਸ ਕੁਦਰਤੀ ਆਫ਼ਤ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਨੇਕਾਂ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿੰਦੇ ਹੋਏ ਕਠਨਾਈਆਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਲੋਕਾਂ ਲਈ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦਿਲ ਖੋਲ੍ਹ ਕੇ ਮਦਦ ਕੀਤੀ, ਉੱਥੇ ਹੀ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਉਨ੍ਹਾਂ ਦੀ ਟੀਮ ਦੇ ਮੈਂਬਰ ਸਰਪੰਚ ਰਾਜਵੀਰ ਸਿੰਘ ਕੰਗ ਕਿਲੀ ਗਾਂਧਰਾ ਵਲੋਂ ਕਿਸਾਨ ਹੋਣ ਦੇ ਨਾਤੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ | ਉਨ੍ਹਾਂ ਮਨੁੱਖਾਂ ਦੇ ਲਈ ਖਾਣ ਪੀਣ ਦੀਆਂ ਵਸਤਾਂ ਅਤੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ | ਸਰਪੰਚ ਰਾਜਵੀਰ ਸਿੰਘ ਕੰਗ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਜ਼ਿਲ੍ਹਾ ਮੋਗਾ ਦੇ ਸਬ ਡਿਵੀਜ਼ਨ ਧਰਮਕੋਟ ਵਿਖੇ 26 ਜਨਵਰੀ ਦੇ ਪ੍ਰੋਗਰਾਮ ਤੇ ਬੁਲਾ ਕੇ ਐਸ.ਡੀ.ਐਮ. ਧਰਮਕੋਟ ਹਿਤੇਸ਼ਵੀਰ ਗੁਪਤਾ ਅਤੇ ਡੀ.ਐਸ.ਪੀ. ਜਸਵਰਿੰਦਰ ਸਿੰਘ ਧਰਮਕੋਟ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨ ਉਪਰੰਤ ਸਰਪੰਚ ਰਾਜਵੀਰ ਸਿੰਘ ਕੰਗ ਨੇ ਗੱਲਬਾਤ ਕਰਦਿਆਂ ਦੱਸਿਆ ਹੜ੍ਹਾਂ ਦੀ ਇਸ ਗੰਭੀਰ ਸਥਿਤੀ ਵਿਚ ਪੰਜਾਬ ਸਰਕਾਰ, ਸਾਡੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਮੋਗਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਦੇ ਰਾਹਤ ਕਾਰਜਾਂ ਵਿਚ ਜੁਟਿਆ ਰਿਹਾ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ |