ਮੋਗਾ, 29 ਜਨਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਸੂਬਾ ਪੱਧਰੀ ਮੀਟਿੰਗ ਪੈਨਸ਼ਨਰਜ਼ ਭਵਨ ਵਿਖੇ ਕਨਵੀਨਰ ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਵੱਖ-ਵੱਖ ਪੈਨਸ਼ਨਰ ਜਥੇਬੰਦੀਆਂ ਦੇ ਕਨਵੀਨਰ, ਕੋ ਕਨਵੀਨਰ ਅਤੇ ਮੈਂਬਰ ਸਾਹਿਬਾਨ ਨੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਫੈਡਰੇਸ਼ਨ ਵਲੋਂ ਬਖਸ਼ੀਸ਼ ਸਿੰਘ, ਕੁਲਵਰਨ ਸਿੰਘ, ਪੈਨਸ਼ਨਰਜ਼ ਮਹਾਂਸੰਘ ਵਲੋਂ ਬੀ.ਐਨ. ਸੈਣੀ, ਸੁਸ਼ੀਲ ਕੁਮਾਰ, ਪਵਿੱਤਰ ਸਿੰਘ, ਪੰਜਾਬ ਪੈਨਸ਼ਨਰ ਐਸੋਸੀਏਸ਼ਨ ਵਲੋਂ ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਸੁਖਮੰਦਰ ਸਿੰਘ ਮੋਗਾ, ਪਾਵਰ ਕਾਮ ਪੈਨਸ਼ਨਰ ਐਸੋਸੀਏਸ਼ਨ ਵਲੋਂ ਅਵਿਨਾਸ਼ ਸ਼ਰਮਾ, ਦੇਵ ਰਾਜ, ਹਾਕੇਸ਼ ਕੁਮਾਰ, ਪੀ.ਆਈ.ਸੀ. ਲੁਧਿਆਣਾ ਵਲੋਂ ਦਲੀਪ ਸਿੰਘ ਅਤੇ ਨਿਰਮਲ ਸਿੰਘ ਹਾਜ਼ਰ ਹੋਏ | ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੁਆਰਾ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਡੀ.ਏ. ਦੀਆਂ ਰਹਿੰਦੀਆਂ ਪੰਜ ਕਿਸ਼ਤਾਂ ਦਾ 16 ਫ਼ੀਸਦੀ ਜਾਰੀ ਕਰਵਾਉਣਾ, ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 2.59 ਦਾ ਗੁਣਾਂਕ ਅਤੇ ਨੋਸ਼ਨਲ ਪੇ ਫਿਕਸੇਸ਼ਨ ਅਨੁਸਾਰ ਪੈਨਸ਼ਨਾਂ ਸੋਧਣ ਖ਼ਿਲਾਫ਼ ਜਾਰੀ ਕਾਲੇ ਪੱਤਰ ਨੂੰ ਰੱਦ ਕਰਵਾਉਣਾ ਆਦਿ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਰੇ ਜ਼ਿਲਿ੍ਹਆਂ ਵਿਚ 13 ਫਰਵਰੀ ਨੂੰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ, ਮਾਰਚ ਦੇ ਸ਼ੁਰੂ ਵਿਚ ਬਜਟ ਸੈਸ਼ਨ ਤੋਂ ਇਕ ਹਫ਼ਤਾ ਪਹਿਲਾਂ ਸੰਗਰੂਰ ਵਿਖੇ ਇਕ ਵਿਸ਼ਾਲ ਰੈਲੀ ਅਤੇ ਮਾਰਚ ਕੀਤਾ ਜਾਵੇਗਾ ਜਿਸ ਵਿਚ ਪੰਜਾਬ ਦੇ ਸਮੂਹ ਪੈਨਸ਼ਨਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਪੰਜਾਬ ਸਰਕਾਰ ਦੇ ਹੱਠੀ ਰਵੱਈਏ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਨਗੇ | ਸੰਗਰੂਰ ਵਿਖੇ ਹੋਣ ਵਾਲੀ ਰੈਲੀ ਲਈ ਸਥਾਨ ਅਤੇ ਹੋਰ ਪ੍ਰਬੰਧ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਅਵਿਨਾਸ਼ ਸ਼ਰਮਾ, ਜਗਦੀਸ਼ ਸ਼ਰਮਾ, ਰਾਜ ਕੁਮਾਰ ਅਰੋੜਾ ਅਤੇ ਜੈ ਦੇਵ ਸ਼ਰਮਾ ਧੂਰੀ ਸ਼ਾਮਿਲ ਹਨ | ਮੀਟਿੰਗ ਵਿਚ ਬਖਸ਼ੀਸ਼ ਸਿੰਘ ਨੇ ਸ਼ਾਮਿਲ ਹੋਏ ਕਨਵੀਨਰਾਂ ਮੈਂਬਰਾਂ ਦਾ ਧੰਨਵਾਦ ਕੀਤਾ |