01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੱਤਰਕਾਰਾਂ 'ਤੇ ਪਰਚੇ ਦਰਜ ਕਰਨ ਦੀ ਕਾਰਵਾਈ ਜਮਹੂਰੀ ਹੱਕਾਂ ਦਾ ਘਾਣ ਕਰਾਰ <br/> ਬਲਵੰਤ ਸਿੰਘ ਬਾਘਾ ਪੁਰਾਣਾ ਦੀ ਬਰਸੀ ਮੌਕੇ ਨਿੱਜੀਕਰਨ ਖ਼ਿਲਾਫ਼ ਘੋਲ ਤੇਜ਼ ਕਰਨ ਦਾ ਅਹਿਦ <br/>

ਅਜੀਤ ਡੈਸਕ 23-01-2026
ਬਾਘਾ ਪੁਰਾਣਾ, 22 ਜਨਵਰੀ-(ਟਿੰਕੂ ਕਾਠਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਾਬਕਾ ਸੂਬਾਈ ਆਗੂ ਬਲਵੰਤ ਸਿੰਘ ਬਾਘਾ ਪੁਰਾਣਾ ਦੀ ਪਹਿਲੀ ਬਰਸੀ ਮੌਕੇ ਸਥਾਨਕ ਦਾਣਾ ਮੰਡੀ 'ਚ ਜੁੜੇ ਇਕੱਠ ਵਲੋਂ ਨਿੱਜੀਕਰਨ ਦੇ ਤਾਜ਼ਾ ਕਦਮਾਂ ਖ਼ਿਲਾਫ਼ ਸਾਂਝੇ ਘੋਲਾਂ ਨੂੰ ਤੇਜ਼ ਕਰਨ ਦਾ ਅਹਿਦ ਲਿਆ ਗਿਆ | ਵਰਨਣਯੋਗ ਹੈ ਕਿ ਬਲਵੰਤ ਸਿੰਘ ਬਾਘਾ ਪੁਰਾਣਾ ਪਿਛਲੇ ਵਰ੍ਹੇ ਕੈਂਸਰ ਦੀ ਨੁਮਰਾਦ ਬਿਮਾਰੀ ਕਾਰਨ ਸੰਘਰਸ਼ ਕਾਫ਼ਲੇ ਨੂੰ ਵਿਛੋੜਾ ਦੇ ਗਏ ਸਨ | ਅੱਜ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਦਾਣਾ ਮੰਡੀ ਬਾਘਾ ਪੁਰਾਣਾ ਵਿਖੇ ਖੇਤ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਪੈਨਸ਼ਨਰਾਂ ਅਤੇ ਔਰਤਾਂ ਦੇ ਭਰਵੇਂ ਇਕੱਠ ਵਲੋਂ ਖੜ੍ਹੇ ਹੋ ਕੇ 2 ਮਿੰਟ ਮੌਨ ਰੱਖ ਕੇ ਮਰਹੂਮ ਆਗੂ ਬਲਵੰਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸ਼ਰਧਾਂਜਲੀ ਸਮਾਗਮ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਇਨਕਲਾਬੀ ਜਮਹੂਰੀ ਫ਼ਰੰਟ ਪੰਜਾਬ ਦੇ ਸੁਖਵੰਤ ਸਿੰਘ ਸੇਖੋਂ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਆਗੂ ਚੰਦਰ ਸ਼ਰਮਾ, ਬੀਕੇਯੂ (ਏਕਤਾ-ਉਗਰਾਹਾਂ) ਦੇ ਬਲੌਰ ਸਿੰਘ ਘੱਲ ਕਲਾਂ, ਔਰਤ ਆਗੂ ਕੁਲਦੀਪ ਕੌਰ ਕੁੱਸਾ ਤੇ ਮੇਜਰ ਸਿੰਘ ਕਾਲੇਕੇ ਨੇ ਸੰਬੋਧਨ ਕੀਤਾ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਇਨਕਲਾਬੀ ਜਮਹੂਰੀ ਫ਼ਰੰਟ ਦੇ ਆਗੂ ਸੁਖਵੰਤ ਸਿੰਘ ਸੇਖੋਂ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਾਮਰਾਜੀ ਮੁਲਕਾਂ ਤੇ ਸੰਸਥਾਵਾਂ ਦੇ ਨਿਰਦੇਸ਼ਾਂ ਤਹਿਤ ਕਾਰਪੋਰੇਟ ਘਰਾਨਿਆਂ ਤੇ ਜਾਗੀਰਦਾਰਾਂ ਵਲੋਂ ਕੀਤੀ ਜਾਂਦੀ ਅੰਨ੍ਹੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਬਿਜਲੀ ਬੋਰਡ ਸਮੇਤ ਹੋਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਸੌਂਪਣ, ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ 2025 ਲਿਆਉਣ, ਲੇਬਰ ਕਾਨੂੰਨਾਂ 'ਚ ਸੋਧਾਂ ਕਰਨ ਅਤੇ ਮਨਰੇਗਾ ਦੀ ਥਾਂ ਜੀ ਰਾਮ ਜੀ ਕਾਨੂੰਨ ਲਿਆਉਣ ਅਤੇ ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਵਰਗੇ ਕਦਮਾਂ ਨੂੰ ਠੱਲ੍ਹ ਪਾਉਣ ਲਈ ਵਿਸ਼ਾਲ ਸਾਂਝੇ ਤੇ ਸਿਰੜੀ ਘੋਲਾਂ ਨੂੰ ਤੇਜ਼ ਕਰਨਾ ਹੀ ਬਲਵੰਤ ਸਿੰਘ ਬਾਘਾ ਪੁਰਾਣਾ ਨੂੰ ਸੱਚੀ ਸ਼ਰਧਾਂਜਲੀ ਹੈ | ਉਨ੍ਹਾਂ ਆਖਿਆ ਕਿ ਬਲਵੰਤ ਸਿੰਘ ਨੇ ਬਿਜਲੀ ਮਹਿਕਮੇ 'ਚ ਕੰਮ ਕਰਦਿਆਂ ਮੁਲਾਜ਼ਮਾਂ ਦੀਆਂ ਬਿਹਤਰ ਕੰਮ ਹਾਲਤਾਂ ਲਈ ਅਨੇਕਾਂ ਸ਼ਾਨਾਮੱਤੇ ਘੋਲਾਂ ਦੀ ਅਗਵਾਈ ਕੀਤੀ ਅਤੇ ਹਕੂਮਤੀ ਤੇ ਫ਼ਿਰਕੂ ਦਹਿਸ਼ਤਗਰਦੀ ਦੇ ਖ਼ਿਲਾਫ਼ ਸੰਘਰਸ਼ 'ਚ ਅਹਿਮ ਯੋਗਦਾਨ ਪਾਇਆ | ਬੁਲਾਰਿਆਂ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਲੋਕਾਂ ਉੱਪਰ ਆਰਥਿਕ ਧਾਵਾ ਬੋਲਣ ਤੋਂ ਇਲਾਵਾ ਲੋਕਾਂ ਦੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦੇ 'ਤੇ ਵੀ ਜਾਬਰ ਧਾਵਾ ਵਿੱਢਿਆ ਹੋਇਆ | ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੱਤਰਕਾਰਾਂ ਤੇ ਆਰ.ਟੀ.ਆਈ. ਕਾਰਕੁਨਾਂ 'ਤੇ ਪਰਚੇ ਦਰਜ ਕਰਨ ਅਤੇ ਚੈਨਲ ਬੰਦ ਕਰਨ ਦੇ ਕਦਮਾਂ ਨੂੰ ਲੋਕਾਂ ਅਤੇ ਪੈੱ੍ਰਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੰਦਿਆਂ ਆਖਿਆ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੀ ਤਰਾਂ ਹੀ ਲੋਕਾਂ ਦੀ ਜ਼ੁਬਾਨਬੰਦੀ ਕਰ ਰਹੀ ਹੈ ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਚੀਫ਼ ਆਰਗੇਨਾਈਜ਼ਰ ਭੁਪਿੰਦਰ ਬਿੱਟੂ ਅਤੇ ਸਰਕਲ ਬਠਿੰਡਾ ਦੇ ਸਕੱਤਰ ਸਤਵਿੰਦਰ ਸਿੰਘ, ਫ਼ਰੀਦਕੋਟ ਸਰਕਲ ਦੇ ਪ੍ਰਧਾਨ ਸਵਰਨ ਸਿੰਘ ਔਲਖ, ਸਕੱਤਰ ਕਮਲੇਸ਼ ਕੁਮਾਰ, ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਮੰਡਲ ਬਠਿੰਡਾ ਦੇ ਸਕੱਤਰ ਰੂਪ ਸਿੰਘ ਗਿੱਲ ਪੱਤੀ ਤੇ ਅਬੋਹਰ ਦੇ ਸਕੱਤਰ ਰਜਿੰਦਰ ਕੁਮਾਰ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਗੁਰਮੀਤ ਸਿੰਘ ਕਿਸ਼ਨਪੁਰਾ, ਸਾਬਕਾ ਪਿ੍ੰਸੀਪਲ ਰਣਧੀਰ ਸਿੰਘ ਗਿੱਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਪਾਲ ਸਿੰਘ ਨੰਗਲ, ਦਰਸ਼ਨ ਸਿੰਘ ਹਿੰਮਤਪੁਰਾ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਰਾਮ ਕੁੱਸਾ ਵਲੋਂ ਵੀ ਸ਼ਰਧਾਂਜਲੀ ਭੇਟ ਕੀਤੀ ਗਈ |

ਪਿਛਲੀ ਖ਼ਬਰ ਬਲਵੰਤ ਸਿੰਘ ਬਾਘਾ ਪੁਰਾਣਾ ਦੀ ਬਰਸੀ ਮੌਕੇ ਨਿੱਜੀਕਰਨ ਖ਼ਿਲਾਫ਼ ਘੋਲ ਤੇਜ਼ ਕਰਨ ਦਾ ਅਹਿਦ <br/> ਅਗਲੀ ਖ਼ਬਰ ਗੌਰਵ ਦੇ ਤਿਉਹਾਰ ਦਾ ਪ੍ਰਤੀਕ ਰਾਮ ਮੂਰਤੀ ਪ੍ਰਾਣ ਪ੍ਰਤਿਸ਼ਠਾ ਉਤਸਵ-ਐਡਵੋਕੇਟ ਵਿਜੈ ਧੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।