ਕੋਟ ਈਸੇ ਖਾਂ, 22 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)- ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਲੋਂ ਸਿੱਖਿਆ ਦੇ ਨਾਲ-ਨਾਲ ਚੰਗੀ ਸੇਧ ਅਤੇ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਸਭਿਆਚਾਰਕ ਤੇ ਧਾਰਮਿਕ ਤਿਉਹਾਰਾਂ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸੇ ਤਹਿਤ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੁੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਰੰਗ-ਬਰੰਗੇ ਖ਼ਾਸ ਕਰਕੇ ਪੀਲੇ ਰੰਗ ਦੇ ਪਹਿਰਾਵੇ ਪਾ ਕੇ ਤਿਉਹਾਰ ਦੀ ਰੌਣਕ ਨੂੰ ਚਾਰ-ਚੰਨ ਲਾਏ | ਬੱਚੇ ਆਪਣੇ ਹੱਥਾਂ 'ਚ ਸੁੰਦਰ-ਸੁੰਦਰ ਪਤੰਗ ਫੜ੍ਹ ਕੇ ਬਸੰਤ ਦੀ ਖ਼ੁਸ਼ੀ ਨੂੰ ਦਰਸਾਉਂਦੇ ਨਜ਼ਰ ਆਏ | ਇਸ ਮੌਕੇ ਅਧਿਆਪਕਾਂ ਵਲੋਂ ਬਸੰਤ ਪੰਚਮੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਸੰਤ ਨਵੀਂ ਰੁੱਤ, ਖ਼ੁਸ਼ਹਾਲੀ ਅਤੇ ਗਿਆਨ ਦੇਵੀ ਮਾਤਾ ਸਰਸਵਤੀ ਨਾਲ ਸੰਬੰਧਿਤ ਹੈ | ਇਸ ਮੌਕੇ ਬੱਚਿਆਂ ਨੇ ਬਸੰਤ ਮੌਕੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵੀ ਕੀਤੀਆਂ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ | ਇਸ ਦੇ ਆਉਣ ਨਾਲ ਠੰਢ ਦਾ ਅਸਰ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਲਈ ਕਿਹਾ ਜਾਂਦਾ ਹੈ ਕਿ 'ਆਈ ਬਸੰਤ ਪਾਲਾ ਉਡੰਤ' ਅਤੇ ਚਾਰੋ ਪਾਸੇ ਫੁੱਲਾਂ ਦੀ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ | ਬਸੰਤ ਪੰਚਮੀ ਨਵੀ ਸੋਚ, ਉਮੀਦ ਅਤੇ ਸਕਾਰਤਮਕਾ ਦਾ ਸੰਦੇਸ਼ ਦਿੰਦੀ ਹੈ | ਇਸ ਮੌਕੇ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਬੱਚਿਆਂ 'ਚ ਮੁੱਲਾਂ, ਆਪਸੀ ਪਿਆਰ ਅਤੇ ਖ਼ੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ |