ਸਰਦੂਲਗੜ੍ਹ, 12 ਅਗਸਤ (ਜੀ.ਐਮ. ਅਰੋੜਾ)-ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ ਵਾਰਡ ਨੰਬਰ 4 ਦੇ ਨਾਬਾਲਗ ਨੌਜਵਾਨ ਅਮਰੀਕ ਸਿੰਘ (16) ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਅਮਰੀਕ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੀ ਭੈਣ ਸੋਨੂੰ ਕੌਰ ਨੇ ਦੱਸਿਆ ਕਿ ਸਾਡੇ ਮਾਪਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਬੀਤੇ ਕੱਲ੍ਹ ਦੋਸਤਾਂ ਨਾਲ ਘਰੋਂ ਕਿਧਰੇ ਚਲਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੂੰ ਸਿਰਫ਼ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ। ਥਾਣਾ ਸਰਦੂਲਗੜ੍ਹ ਦੇ ਏ.ਐਸ.ਆਈ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪੁਸ਼ਟੀ ਹੋਣ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।