ਬੰਗਾਲ ਫ਼ਤਹਿ ਕਰਵਾਉਣ ਵਾਲੇ ਨੀਤੀਘਾੜੇ ਹੀ ਭਾਜਪਾ ਲਈ ਪੰਜਾਬ 'ਚ ਵੀ ਬਣਾਉਣਗੇ ਰਣਨੀਤੀ!
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 16 ਮਈ - ਵਿਧਾਨ ਸਭਾ ਚੋਣਾਂ ਨੂੰ ਅਜੇ ਕਰੀਬ 9 ਮਹੀਨੇ ਦਾ ਸਮਾਂ ਬਾਕੀ ਹੈ ਪਰ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣ ਤੋਂ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ | ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਸਾਰੀਆਂ ਮੁੱਖ ਸਿਆਸੀ ਧਿਰਾਂ ਵਲੋਂ ਲੋਕ ਰਾਬਤਾ, ਰੈਲੀਆਂ, ਮੀਟਿੰਗਾਂ , ਧਰਨੇ ਸਮੇਤ ਸਮੇਤ ਹਰ ਤਰ੍ਹਾਂ ਦੀ ਰਣਨੀਤੀ ਉੱਤੇ ਸਰਗਰਮੀ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਵਾਰ ਵਿਧਾਨ ਸਭਾ ਚੋਣਾਂ 2027 ਲਈ ਚਾਰ ਜਾਂ ਚਾਰ ਤੋਂ ਵੀ ਵੱਧ ਸਿਆਸੀ ਪਾਰਟੀਆਂ ਮੁੱਖ ਤੌਰ 'ਤੇ ਮੈਦਾਨ ਵਿਚ ਹੋ ਸਕਦੀਆਂ ਹਨ, ਜਿਸ ਦੇ ਚੱਲਦੇ ਇਸ ਵਾਰ ਇਹ ਚੋਣ ਦੰਗਲ ਬੇਹੱਦ ਰੋਚਕ ਅਤੇ ਦਿਲਚਸਪ ਹੋਵੇਗਾ | ਜੇਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸਾਲ 2022 ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ ਪਹਿਲੀ ਵਾਰ ਸੱਤਾ 'ਤੇ ਕਾਬਜ਼ ਹੋਈ, ਜਦਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਹੀ ਮੁਕਾਬਲਾ ਹੁੰਦਾ ਰਿਹਾ ਹੈ | ਭਾਵੇਂ ਅਕਾਲੀ ਦਲ ਭਾਜਪਾ ਦੇ ਗੱਠਜੋੜ ਦੇ ਨਾਲ ਚੋਣ ਮੈਦਾਨ ਵਿਚ ਉੱਤਰਦਾ ਸੀ, ਪਰ ਮੁੱਖ ਭੂਮਿਕਾ ਵਿਚ ਅਕਾਲੀ ਦਲ ਹੀ ਰਹਿੰਦਾ ਸੀ, ਪਰ ਇਸ ਵਾਰ ਤਸਵੀਰ ਫ਼ਿਲਹਾਲ ਹੋਰ ਦਿਖਾਈ ਦੇ ਰਹੀ ਹੈ | ਭਾਜਪਾ ਨੇ ਪੰਜਾਬ 'ਚ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਸੰਘ ਅਤੇ ਭਾਜਪਾ ਦੇ ਸਾਂਝੇ ਤੌਰ 'ਤੇ ਜਿਨ੍ਹਾਂ ਨੀਤੀ ਘਾੜਿਆਂ ਨੇ ਪੱਛਮੀ ਬੰਗਾਲ ਵਿਚ ਰਣਨੀਤੀ ਬਣਾਈ ਤੇ ਉੱਥੇ ਭਾਜਪਾ ਨੂੰ ਸੱਤਾ ਹਾਸਿਲ ਕਰਵਾਈ ਹੁਣ ਉਹੀ ਨੀਤੀ ਘਾੜੇ ਪੰਜਾਬ ਲਈ ਵੀ ਰਣਨੀਤੀ ਤਿਆਰ ਕਰਨਗੇ | ਹਾਲਾਂਕਿ ਦੱਸਿਆ ਜਾ ਰਿਹਾ ਕਿ ਪੰਜਾਬ ਵਿਚ ਪਹਿਲਾਂ ਤੋਂ ਹੀ ਅਮਿਤ ਸ਼ਾਹ ਦੇ ਕਰੀਬੀ ਇਕ ਸਿਆਸੀ ਨੀਤੀ ਘਾੜੇ ਪਿਛਲੇ ਡੇਢ ਸਾਲ ਤੋਂ ਪੰਜਾਬ ਵਿਚ ਹੇਠਲੇ ਪੱਧਰ ਉੱਤੇ ਕੰਮ ਕਰ ਰਹੇ ਹਨ, ਪਰ ਤਿੰਨ ਹੋਰ ਨੀਤੀ ਘਾੜੇ ਜਿਨ੍ਹਾਂ ਦੀ ਪੱਛਮੀ ਬੰਗਾਲ ਦੀ ਜਿੱਤ ਪਿੱਛੇ ਬੇਹੱਦ ਅਹਿਮ ਭੂਮਿਕਾ ਰਹੀ ਹੈ ਅਤੇ ਉਹ ਸੰਘ ਅਤੇ ਪਾਰਟੀ ਦੋਵਾਂ ਵਲੋਂ ਹੀ ਪ੍ਰਵਾਨਿਤ ਹੈ ਪੰਜਾਬ ਦੇ ਸਿਆਸੀ ਹਾਲਾਤਾਂ ਦੀ ਜਾਣਕਾਰੀ ਲੈਕੇ ਇਥੇ ਰਣਨੀਤੀ ਬਣਾਉਣ ਦਾ ਕੰਮ ਸ਼ੁਰੂ ਕਰਨਗੇ | ਜਿੱਥੇ ਇਸ ਵਾਰ ਭਾਜਪਾ ਬੇਹੱਦ ਗੰਭੀਰਤਾ ਨਾਲ ਪੰਜਾਬ ਨੂੰ ਲੈਂਦੇ ਹੋਏ ਚੋਣ ਮੈਦਾਨ ਵਿਚ ਉੱਤਰੀ ਦਿਖਾਈ ਦੇ ਰਹੀ ਹੈ, ਉੱਥੇ 2017 ਤੋਂ ਸੱਤਾ ਤੋਂ ਬਾਹਰ ਬੈਠੇ ਅਕਾਲੀ ਦਲ, ਕੇਂਦਰ ਦੀ ਸੱਤਾ ਤੋਂ ਬਾਹਰ ਬੈਠੀ ਕਾਂਗਰਸ ਅਤੇ ਪੰਜਾਬ ਦੀ ਸੱਤਾ ਦੇ ਕਾਬਜ਼ ਆਮ ਆਦਮੀ ਪਾਰਟੀ ਸਾਰਿਆਂ ਲਈ ਹੀ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵੱਕਾਰ ਦੀ ਲੜਾਈ ਸਾਬਿਤ ਹੋਣਗੀਆਂ | ਉਧਰ ਜੇਕਰ ਵਿਧਾਨ ਸਭਾ ਚੋਣਾਂ ਚਰਚਾ ਅਤੇ ਮੌਜੂਦਾਂ ਹਾਲਾਤ ਅਨੁਸਾਰ ਸਮੇਂ ਤੋਂ ਪਹਿਲਾਂ ਹੁੰਦੀਆਂ ਹਨ, ਤਾਂ ਇਸ ਦੇ ਫ਼ਾਇਦੇ ਅਤੇ ਨੁਕਸਾਨ ਦੀ ਸਮੀਖਿਆ ਵਿਚ ਵੀ ਸਾਰੀਆਂ ਸਿਆਸੀ ਪਾਰਟੀਆਂ ਲੱਗੀਆਂ ਨਜ਼ਰ ਆ ਰਹੀਆਂ ਹਨ |
ਵਿਧਾਨ ਸਭਾ ਚੋਣਾਂ 2027 ਲਈ ਇਸ ਵਾਰ ਬੇਹੱਦ ਰੋਚਕ ਹੋਵੇਗਾ ਚੋਣ ਦੰਗਲ <br/>
ਅਜੀਤ ਡੈਸਕ
17-05-2026