ਪਟਿਆਲਾ, 16 ਮਈ (ਕੁਲਵੀਰ ਸਿੰਘ ਧਾਲੀਵਾਲ)-ਪਿਛਲੇ ਤਿੰਨ ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਿਹਾੜੀਦਾਰ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਲਗਾਏ ਗਏ ਸ਼ਾਂਤਮਈ ਧਰਨੇ ਨੂੰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਵਲੋਂ ਸਮਰਥਨ ਦਿੱਤਾ ਗਿਆ | ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਕਨਵੀਨਰ ਅਮਰਜੀਤ ਕੌਰ ਗਿੱਲ ਅਤੇ ਆਗੂ ਪ੍ਰਕਾਸ਼ ਸਿੰਘ ਧਾਲੀਵਾਲ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਦਿਹਾੜੀਦਾਰ ਕਾਮਿਆਂ ਦੇ ਆਗੂਆਂ ਨੇ ਵਰਕਚਾਰਜ ਦੀ ਮੰਗ ਲਾਗੂ ਕਰਵਾਉਣ ਦੀ ਅਪੀਲ ਕੀਤੀ | ਧਰਨੇ ਦੌਰਾਨ ਵਰਕਚਾਰਜ ਕਰਨ ਲਈ ਉਚ ਅਧਿਕਾਰੀਆਂ ਦੀ ਕਮੇਟੀ ਗਠਿਤ ਕਰਨ ਦੀ ਤਜਵੀਜ਼ ਰੱਖੀ ਗਈ | ਕਨਵੀਨਰ ਅਮਰਜੀਤ ਕੌਰ ਗਿੱਲ ਦੀ ਅਗਵਾਈ ਹੇਠ ਸੱਤ ਮੈਂਬਰੀ ਵਫ਼ਦ ਵਲੋਂ ਉਪ ਕੁਲਪਤੀ ਡਾ. ਜਗਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਲੰਮੇ ਸਮੇਂ ਤੋਂ ਦਿਹਾੜੀਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਫ਼ਾਈ ਸੇਵਕਾਂ ਨੂੰ ਵਰਕਚਾਰਜ ਕਰਨ ਦੀ ਮੰਗ ਰੱਖੀ ਗਈ | ਉਪ ਕੁਲਪਤੀ ਵਲੋਂ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਵਫ਼ਦ ਨੂੰ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਿਹਾੜੀਦਾਰ ਕਾਮਿਆਂ ਨੂੰ ਵਰਕਚਾਰਜ ਕਰਨ ਦੀ ਮੰਗ ਸਿੰਡੀਕੇਟ ਵਿਚ ਸ਼ਾਮਲ ਕੀਤੀ ਜਾਵੇਗੀ | ਉਨਾਂ ਮੰਗ ਪੱਤਰ ਤੇ ਕਾਰਵਾਈ ਕਰਦਿਆਂ ਉਚ ਪੱਧਰੀ ਕਮੇਟੀ ਗਠਿਤ ਕਰਨ ਲਈ ਪੱਤਰ ਰਜਿਸਟਰਾਰ ਨੂੰ ਭੇਜਿਆ ਗਿਆ | ਮੰਗ ਪੱਤਰ ਦੇਣ ਗਈ ਕਮੇਟੀ ਵਿੱਚ ਅਮਰਜੀਤ ਕੌਰ ਗਿੱਲ ਕਨਵੀਨਰ, ਪ੍ਰਕਾਸ਼ ਸਿੰਘ ਧਾਲੀਵਾਲ ਸਾਬਕਾ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜੋਨੀ ਸਾਬਕਾ ਸਕੱਤਰ, ਸੰਦੀਪ ਰਾਜਪੁਰਾ ਸਕੱਤਰ, ਕੁਲਦੀਪ ਸਿੰਘ, ਜਤਿੰਦਰ ਕਾਲ਼ਾ ਪ੍ਰਧਾਨ, ਮਨਜੀਤ ਸਿੰਘ ਖਜਾਨਚੀ, ਗੁਰਤੇਜ ਸਿੰਘ, ਰਾਜੇਸ਼ ਗੱਗੂ ਆਦਿ ਮੌਜੂਦ ਸਨ |