05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਮਰੀਕਾ ਵਲੋਂ ਹੋਰਮੁਜ਼ ਜਲਮਾਰਗ 'ਚ ਈਰਾਨੀ ਹਮਲੇ ਨਾਕਾਮ ਕਰਨ ਦਾ ਦਾਅਵਾ <br/>

ਅਜੀਤ ਡੈਸਕ 09-05-2026
ਦੁਬਈ, 8 ਮਈ (ਏਜੰਸੀ)-ਅਮਰੀਕੀ ਫ਼ੌਜ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਹੋਰਮੁਜ਼ ਜਲਮਾਰਗ ਵਿਚ ਜਲ ਸੈਨਾ ਦੇ ਤਿੰਨ ਜਹਾਜ਼ਾਂ 'ਤੇ ਹੋਏ ਈਰਾਨੀ ਹਮਲਿਆਂ ਨੂੰ ਰੋਕ ਦਿੱਤਾ ਹੈ ਅਤੇ ਜਵਾਬ ਵਿਚ ਉਨ੍ਹਾਂ ਈਰਾਨੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਅਮਰੀਕੀ ਬਲਾਂ 'ਤੇ ਹਮਲਿਆਂ ਲਈ ਜ਼ਿੰਮੇਵਾਰ ਸਨ | ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਮਹੀਨਾ ਪੁਰਾਣੀ ਜੰਗਬੰਦੀ ਦੀ ਨਾਜ਼ੁਕ ਸਥਿਤੀ ਉਜਾਗਰ ਹੋਈ ਹੈ | ਅਮਰੀਕੀ ਸੈਂਟਰਲ ਕਮਾਂਡ ਮੁਤਾਬਿਕ ਇਸ ਕਾਰਵਾਈ ਵਿਚ ਕੋਈ ਅਮਰੀਕੀ ਜਹਾਜ਼ ਪ੍ਰਭਾਵਿਤ ਨਹੀਂ ਹੋਇਆ, ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਵਿਚ ਕਿਹਾ ਕਿ ਹਿੰਸਾ ਦੇ ਬਾਵਜੂਦ ਜੰਗਬੰਦੀ ਕਾਇਮ ਹੈ | ਦੂਜੇ ਪਾਸੇ, ਈਰਾਨੀ ਮੀਡੀਆ ਨੇ ਕੇਸ਼ਮ ਟਾਪੂ 'ਤੇ ਦੁਸ਼ਮਣ ਨਾਲ ਫਾਇਰਿੰਗ ਹੋਣ ਅਤੇ ਤਹਿਰਾਨ ਤੇ ਬੰਦਰ ਅੱਬਾਸ ਨੇੜੇ ਧਮਾਕਿਆਂ ਦੀ ਰਿਪੋਰਟ ਦਿੱਤੀ ਹੈ | ਇਹ ਟਕਰਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਇਰਾਨ ਨੇ ਹੋਰਮੁਜ਼ ਜਲਮਾਰਗ ਰਾਹੀਂ ਲੰਘਣ ਵਾਲੇ ਜਹਾਜ਼ਾਂ 'ਤੇ ਟੈਕਸ ਲਗਾਉਣ ਲਈ ਇੱਕ ਨਵੀਂ ਸਰਕਾਰੀ ਅਥਾਰਿਟੀ ਬਣਾਈ ਹੈ, ਜਿਸ ਨੂੰ ਸਮੁੰਦਰੀ ਕਾਨੂੰਨ ਦੇ ਮਾਹਿਰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੱਸ ਰਹੇ ਹਨ | ਪਾਕਿਸਤਾਨ ਇਸ ਜੰਗ ਨੂੰ ਖ਼ਤਮ ਕਰਨ ਲਈ ਵਿਚੋਲਗੀ ਕਰ ਰਿਹਾ ਹੈ ਅਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਜਲਦੀ ਹੀ ਕਿਸੇ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਜਤਾਈ ਹੈ, ਹਾਲਾਂਕਿ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮਝੌਤਾ ਨਾ ਹੋਇਆ ਤਾਂ ਈਰਾਨ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ |
ਈਰਾਨ ਨੇ ਦੋ ਮਿਜ਼ਾਈਲਾਂ ਤੇ 3 ਡਰੋਨ ਦਾਗੇ-ਯੂ.ਏ.ਈ
ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਈਰਾਨ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਅਤੇ 3 ਡਰੋਨ ਦਾਗੇ ਹਨ | ਜਿੰਨ੍ਹਾਂ ਨੂੰ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਹਵਾ 'ਚ ਹੀ ਨਸ਼ਟ ਕਰ ਦਿੱਤਾ | ਹਮਲੇ 'ਚ 3 ਵਿਅਕਤੀ ਜ਼ਖ਼ਮੀ ਹੋਏ ਹਨ | ਹਾਲਾਂਕਿ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਅਤੇ ਨਾਗਰਿਕਤਾ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ | ਯੂ.ਏ.ਈ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਹਮਲੇ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ 551 ਬੈਲਿਸਟਿਕ ਮਿਜ਼ਾਈਲਾਂ, 29 ਕਰੂਜ਼ ਮਿਜ਼ਾਈਲਾਂ ਅਤੇ 2263 ਡਰੋਨ ਨਸ਼ਟ ਕਰ ਚੁੱਕੀਆਂ ਹਨ |

ਪਿਛਲੀ ਖ਼ਬਰ ਯੂ. ਪੀ. ਸਰਕਾਰ ਵਲੋਂ ਸਮਾਰਟ ਪ੍ਰੀਪੇਡ ਮੀਟਰ ਸਿਸਟਮ ਖ਼ਤਮ-ਪੋਸਟਪੇਡ 'ਚ ਤਬਦੀਲ <br/> ਅਗਲੀ ਖ਼ਬਰ ਭਾਰਤ ਵਲੋਂ ਸੰਯੁਕਤ ਰਾਸ਼ਟਰ 'ਚ ਸਮਾਵੇਸ਼ੀ ਪ੍ਰਵਾਸ ਤੇ ਮਜ਼ਬੂਤ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ 'ਤੇ ਜ਼ੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।