ਦੁਬਈ, 7 ਮਈ (ਏਜੰਸੀ)-ਈਰਾਨ ਨੇ ਕਿਹਾ ਹੈ ਕਿ ਉਹ ਯੁੱਧ ਖ਼ਤਮ ਕਰਨ ਸੰਬੰਧੀ ਅਮਰੀਕਾ ਦੇ ਤਾਜ਼ਾ ਪ੍ਰਸਤਾਵਾਂ ਦੀ ਸਮੀਖਿਆ ਕਰ ਰਿਹਾ ਹੈ | ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਸਰਕਾਰੀ ਟੀ.ਵੀ ਨੂੰ ਦੱਸਿਆ ਕਿ ਤਹਿਰਾਨ ਨੇ ਐਕਸੀਓਸ ਵਲੋਂ ਰਿਪੋਰਟ ਕੀਤੇ ਗਏ ਅਮਰੀਕੀ ਪ੍ਰਸਤਾਵਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ ਹੈ, ਪਰ ਉਹ ਅਜੇ ਵੀ ਅਮਰੀਕਾ ਦੇ ਨਵੇਂ ਪ੍ਰਸਤਾਵ ਦੀ ਜਾਂਚ ਕਰ ਰਹੇ ਹਨ | ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਦੋ ਮਹੀਨਿਆਂ ਦੀ ਜੰਗ ਜਲਦੀ ਹੀ ਖ਼ਤਮ ਹੋ ਸਕਦੀ ਹੈ ਅਤੇ ਟਕਰਾਅ ਕਾਰਨ ਰੁਕੀ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਦੁਬਾਰਾ ਸ਼ੁਰੂ ਹੋ ਸਕਦੀ ਹੈ | ਪਰ ਟਰੰਪ ਨੇ ਕਿਹਾ ਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਈਰਾਨ ਉਸ ਦੇ ਸਮਝੌਤੇ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ | ਟਰੰਪ ਨੇ ਅੱਗੇ ਕਿਹਾ ਕਿ ਜੇਕਰ ਉਹ ਸਹਿਮਤ ਨਹੀਂ ਹੁੰਦੇ, ਤਾਂ ਬੰਬਾਰੀ ਸ਼ੁਰੂ ਹੋ ਜਾਵੇਗੀ | ਟਰੰਪ ਨੇ ਬੁੱਧਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਈਰਾਨੀ ਅਧਿਕਾਰੀ ਯੁੱਧ ਖ਼ਤਮ ਕਰਨਾ ਚਾਹੁੰਦੇ ਹਨ | ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਹੇ ਹਾਂ ਜੋ ਅਸਲ 'ਚ ਸਮਝੌਤਾ ਕਰਨਾ ਚਾਹੁੰਦੇ ਹਨ ਅਤੇ ਅਸੀਂ ਦੇਖਾਂਗੇ ਕਿ ਕੀ ਉਹ ਅਜਿਹਾ ਸਮਝੌਤਾ ਕਰਦੇ ਹਨ ਜੋ ਸਾਡੇ ਲਈ ਸੰਤੁਸ਼ਟੀਜਨਕ ਹੋਵੇ | ਟਰੰਪ ਨੇ ਇਹ ਸੰਕੇਤ ਵੀ ਦਿੱਤਾ ਕਿ ਅਮਰੀਕਾ ਅਖ਼ੀਰ 'ਚ ਕੋਈ ਸਮਝੌਤਾ ਕਰਨ ਲਈ ਮਜਬੂਰ ਕਰ ਸਕਦਾ ਹੈ | ਜੇਕਰ ਉਹ ਸਹਿਮਤ ਨਹੀਂ ਹੁੰਦੇ ਤਾਂ ਬੰਬਾਰੀ ਸ਼ੁਰੂ ਹੋ ਜਾਵੇਗੀ |