ਅੰਮ੍ਰਿਤਸਰ, 7 ਮਈ (ਰੇਸ਼ਮ ਸਿੰਘ)-ਅੰਮ੍ਰਿਤਸਰ ਤੇ ਜਲੰਧਰ ਵਿਖੇ ਹੋਏ ਬੰਬ ਧਮਾਕਿਆਂ ਉਪਰੰਤ ਅੱਜ ਕੁਝ ਵਿਦਿਅਕ ਸੰਸਥਾਵਾਂ ਦਾ ਮਾਹੌਲ ਉਸ ਵੇਲੇ ਦਹਿਸ਼ਤਮਈ ਹੋ ਗਿਆ ਵਿਦਿਅਕ ਸੰਸਥਾਵਾਂ ਦੀਆਂ ਅਧਿਕਾਰਿਤ ਈ. ਮੇਲ 'ਤੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਸ਼ਹਿਰੀ ਤੇ ਦਿਹਾਤੀ ਖੇਤਰ 'ਚ ਮਿਲੀਆਂ। ਇਨ੍ਹਾਂ 'ਚ ਪੂਰੇ ਰਾਜ 'ਚ ਪਹਿਲੀ ਵਾਰ ਕਿਸੇ ਆਈ.ਟੀ.ਆਈ. ਨੂੰੂ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਲੜਕੀਆਂ ਦੀ ਸਰਕਾਰੀ ਉਦਯੋਗਿਕ ਸੰਸਥਾ (ਆਈ.ਟੀ.ਆਈ.) ਨੂੰ ਮਿਲੀ ਧਮਕੀ ਬਾਰੇ ਪ੍ਰਿੰਸੀਪਲ ਨਵਜੋਤ ਸਿੰਘ ਧੂਤ ਨੇ ਦੱਸਿਆ ਕਿ ਅੱਜ ਸਵੇਰੇ ਇਹ ਧਮਕੀ ਭਰੀ ਮੇਲ ਮਿਲੀ ਹੈ ਜਿਸ ਦੀ ਕਾਪੀ ਸਪੋਰਟਸ ਕਾਲਜ ਜਲੰਧਰ ਨੂੰ ਵੀ ਕਾਪੀ ਕੀਤੀ ਗਈ ਹੈ ਜਿਸ ਨੂੰ ਅੱਜ ਸਵੇਰੇ ਦੇਖਿਆ ਗਿਆ ਕਿ 7 ਮਈ ਤੋਂ 9 ਮਈ ਤੱਕ ਸਕੂਲਾਂ ਕਾਲਜਾਂ 'ਚ ਧਮਾਕੇ ਕੀਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਜਪਾ ਦੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਆਤਮਘਾਤੀ ਹਮਲੇ 'ਚ ਉਡਾਉਣ ਦਾ ਜ਼ਿਕਰ ਕੀਤਾ ਗਿਆ ਹੈ। ਇਹ ਹਮਲੇ ਜਲੰਧਰ, ਅੰਮ੍ਰਿਤਸਰ ਤੇ ਫਰੀਦਕੋਟ 'ਚ ਕੀਤੇ ਜਾਣ ਬਾਰੇ ਵੀ ਲਿਖਿਆ ਹੈ। ਇਸ 'ਚ ਬੀ.ਐੱਸ.ਐੱਫ. ਖਾਸਾ ਛਾਉਣੀ 'ਚ ਗਰਨੇਡ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਉਪਰੰਤ ਥਾਣਾ ਡੀ. ਡਵੀਜ਼ਨ ਦੀ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਜਾਂਚ ਕੀਤੀ ਗਈ। ਦੂਜੇ ਪਾਸੇ ਵਿਦਿਅਕ ਸੰਸਥਾ ਦੀਆਂ ਵਿਦਿਆਰਥਣਾਂ ਨੂੰ ਛੁੱਟੀ ਕਰਕੇ ਘਰੇ ਭੇਜ ਦਿੱਤਾ ਗਿਆ ਤੇ ਭਲਕੇ ਵੀ ਆਈ.ਟੀ.ਆਈ. ਬੰਦ ਰਹੇਗੀ।
ਅੰਮ੍ਰਿਤਸਰ ਵਿਚ ਕੁੜੀਆਂ ਦੇ ਆਈ.ਟੀ.ਆਈ. ਸੰਸਥਾ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਅਜੀਤ ਡੈਸਕ
08-05-2026