ਅੰਮਿ੍ਤਸਰ, 7 ਮਈ (ਸੁਰਿੰਦਰ ਕੋਛੜ)-ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਕਾਰਜ ਸਿੰਘ ਬੱਬਰ ਨੇ ਜਥੇਬੰਦੀ ਦੇ ਲੈਟਰ-ਹੈੱਡ 'ਤੇ ਬਿਆਨ ਜਾਰੀ ਕਰਕੇ ਬੀ. ਕੇ. ਆਈ. ਦੇ ਮੁੱਖ ਸੇਵਾਦਾਰ ਜਥੇਦਾਰ ਵਧਾਵਾ ਸਿੰਘ ਬੱਬਰ ਦੀ ਮੌਤ ਬਾਰੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ | ਦਰਅਸਲ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਕੁਝ ਪੋਸਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਵਧਾਵਾ ਸਿੰਘ ਬੱਬਰ ਉਰਫ਼ ਚਾਚਾ ਧਰਮ ਸਿੰਘ ਦੀ 10 ਮਈ 1988 ਨੂੰ ਇਕ ਪੁਲਿਸ ਮੁਕਾਬਲੇ 'ਚ ਮੌਤ ਹੋ ਗਈ ਸੀ | ਇਹ ਮੁਕਾਬਲਾ ਜਲੰਧਰ-ਕਪੂਰਥਲਾ ਦੇ ਇਲਾਕੇ ਮਾਨਾਂ ਤਾਲ 'ਚ ਹੋਇਆ ਸੀ | ਉਕਤ ਪੋਸਟ 'ਚ ਵਧਾਵਾ ਸਿੰਘ ਦੇ ਕਥਿਤ ਤੌਰ 'ਤੇ ਮੁਕਾਬਲੇ 'ਚ ਮਾਰੇ ਜਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ | ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਲੈਟਰ-ਹੈੱਡ 'ਤੇ ਜਾਰੀ ਕੀਤੇ ਗਏ ਬਿਆਨ 'ਚ ਸੋਸ਼ਲ ਮੀਡੀਆ ਦੀ ਪੋਸਟ ਨੂੰ ਮੁਕੰਮਲ ਤੌਰ 'ਤੇ ਝੂਠ ਦੱਸਦਿਆਂ ਦਾਅਵਾ ਕੀਤਾ ਗਿਆ ਹੈ ਕਿ ਵਧਾਵਾ ਸਿੰਘ ਬੱਬਰ ਪੂਰੀ ਤਰ੍ਹਾਂ ਨਾਲ ਤੰਦਰੁਸਤ ਹਨ | ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਤੋਂ ਜਥੇਦਾਰ ਵਧਾਵਾ ਸਿੰਘ ਬੱਬਰ ਦੇ ਨਜ਼ਦੀਕੀ ਗੋਪਾਲ ਸਿੰਘ ਚਾਵਲਾ ਨੇ ਵੀ 'ਅਜੀਤ' ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਜਥੇਬੰਦੀ ਨਾਲ ਜੁੜੇ ਮੈਂਬਰਾਂ ਨੂੰ ਗੁੰਮਰਾਹ ਕਰਨ ਲਈ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦੋਂਕਿ ਵਧਾਵਾ ਸਿੰਘ ਪੂਰੀ ਤਰ੍ਹਾਂ ਨਾਲ ਸਿਹਤਯਾਬ ਹਨ |
ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਵਧਾਵਾ ਸਿੰਘ ਦੀ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ <br/>
ਅਜੀਤ ਡੈਸਕ
08-05-2026