ਖਾਲੜਾ (ਅੰਮਿ੍ਤਸਰ), 6 ਮਈ (ਜੱਜਪਾਲ ਸਿੰਘ ਜੱਜ)-ਗੁਰਦਾਸਪੁਰ ਪੁਲਿਸ ਤੇ ਤਰਨਤਾਰਨ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਖਾਲੜਾ ਅਧੀਨ ਪੈਂਦੇ ਪਿੰਡ ਡੱਲ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚ ਹੋਏ ਮੁਕਾਬਲੇ ਦੌਰਾਨ 2 ਗੈਂਗਸਟਰ ਗੋਲੀਆਂ ਲੱਗਣ ਨਾਲ ਉਹ ਜ਼ਖਮੀ ਹੋ ਗਏ ਅਤੇ ਦੂਸਰੇ 2 ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰ ਲਿਆ | ਘਟਨਾ ਸਥਾਨ 'ਤੇ ਪੁੱਜੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵਲੋਂ ਤਰਨ ਤਾਰਨ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਚਾਰ ਗੈਂਗਸਟਰ ਜੋ ਕਿ ਗੁਰਦਾਸਪੁਰ ਪੁਲਿਸ ਨੂੰ ਲੋੜੀਦੇ ਹਨ, ਉਹ ਤਰਨ ਤਾਰਨ ਇਲਾਕੇ ਵਿਚ ਘੁੰਮ ਰਹੇ ਹਨ ਤਾਂ ਗੁਰਦਾਸਪੁਰ ਪੁਲਿਸ ਅਤੇ ਤਰਨ ਤਾਰਨ ਪੁਲਿਸ ਵਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਖਾਲੜਾ ਦੇ ਇਲਾਕੇ ਵਿਚ ਹਨ ਤਾਂ ਜਦੋਂ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ ਤਾਂ ਚਾਰ ਨੌਜਵਾਨ 2 ਵੱਖ-ਵੱਖ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੌਰਾਨ ਗੋਲੀਆਂ ਚਲਾਈਆਂ, ਜਿਸ ਦੌਰਾਨ 2 ਨੌਜਵਾਨਾਂ ਦੇ ਲੱਤਾਂ ਵਿਚ ਗੋਲੀਆਂ ਲੱਗੀਆਂ ਅਤੇ ਉਹ ਜ਼ਖਮੀ ਹੋ ਕੇ ਡਿੱਗ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ ਤੇ ਇਨ੍ਹਾਂ ਕੋਲੋਂ 2 ਪਿਸਤੌਲ ਬਰਾਮਦ ਹੋਏ ਹਨ | ਜਦਕਿ ਦੂਸਰੇ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਨੂੰ ਵੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਤੇਜਿੰਦਰਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪੰਜਗਰਾਈਆਂ ਅਤੇ ਸਵਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੰਜਗਰਾਈਆਂ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਹਨ ਜਦਕਿ ਗੁਰਮਨ ਸਿੰਘ ਪੁੱਤਰ ਪ੍ਰਗਟ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਐਮਾ ਕਲਾਂ ਤਰਨ ਤਾਰਨ ਨੂੰ ਗਿ੍ਫ਼ਤਾਰ ਕੀਤਾ ਹੈ | ਉਕਤ ਚਾਰੇ ਗੈਂਗਸਟਰ ਹੁਸ਼ਿਆਰਪੁਰ ਵਿਚ ਇਕ ਕਤਲ ਕੇਸ, ਬਟਾਲਾ ਵਿਖੇ ਗੋਲੀਬਾਰੀ ਕੇਸ ਅਤੇ ਗੁਰਦਾਸਪੁਰ ਵਿਚ ਗੋਲੀਬਾਰੀ ਕਰਨ ਵਿਚ ਸ਼ਾਮਿਲ ਸਨ ਅਤੇ ਇਨ੍ਹਾਂ ਖਿਲਾਫ਼ ਮਾਮਲੇ ਦਰਜ ਸਨ | ਹੁਣ ਇਹ ਗੈਂਗਸਟਰ ਤਰਨ ਤਾਰਨ ਵਿਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ਵਿਚ ਸਨ | ਇਸ ਮੌਕੇ ਡੀ.ਐੱਸ.ਪੀ. ਭਿੱਖੀਵਿੰਡ ਅਤੁਲ ਸੋਨੀ ਤੇ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ |