ਚੰਡੀਗੜ੍ਹ, 6 ਮਈ (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜਨਗਣਨਾ ਸਬੰਧੀ ਫਾਰਮਾਂ ਵਿਚ ਵਾਲਮੀਕਿ ਅਤੇ ਮਜ਼ਹਬੀ ਭਾਈਚਾਰੇ ਲਈ ਗ਼ੈਰ-ਸਮਾਜਿਕ ਸ਼ਬਦ ਵਰਤਣ ਸਬੰਧੀ ਸੂ ਮੋਟੋ ਕਾਰਵਾਈ ਕਰਦਿਆਂ ਜਨਗਣਨਾ ਕਲਿਆਣ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਸੂਬਾ ਨੋਡਲ ਅਫ਼ਸਰ ਨੂੰ ਤਲਬ ਕੀਤਾ ਹੈ | ਇਸ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਵਾਲਮੀਕਿ ਅਤੇ ਮਜ਼ਹਬੀ ਭਾਈਚਾਰੇ ਲਈ ਗ਼ੈਰ-ਸਮਾਜਿਕ ਸ਼ਬਦਾਂ ਦੀ ਵਰਤੋਂ ਸਬੰਧੀ ਸੋਸ਼ਲ ਮੀਡੀਆ 'ਤੇ ਅਖ਼ਬਾਰਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਜਿਸ ਸਬੰਧੀ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈਂਦਿਆਂ 13 ਮਈ ਨੂੰ ਡਾ. ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਕਲਿਆਣ ਵਿਭਾਗ ਪੰਜਾਬ ਅਤੇ ਜਨਗਣਨਾ ਕਲਿਆਣ ਵਿਭਾਗ ਪੰਜਾਬ ਦੇ ਨੋਡਲ ਅਫ਼ਸਰ ਮਨਜੀਤ ਸਿੰਘ ਬਰਾੜ ਨੂੰ ਕਮਿਸ਼ਨ ਦਫ਼ਤਰ ਵਿਖੇ ਨਿੱਜੀ ਪੱਧਰ 'ਤੇ ਤਲਬ ਕੀਤਾ ਗਿਆ ਹੈ |